ਦਲਾਈ ਲਾਮਾ ਨੇ ਕਿਹਾ- ਮੈਂ ਭਾਰਤ ਵਿੱਚ ‘ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲਾ ਮਹਿਮਾਨ’

by vikramsehajpal

ਹੈਦਰਾਬਾਦ (ਦੇਵ ਇੰਦਰਜੀਤ)- ਤਿੱਬਤ ਦੇ ਧਾਰਮਿਕ ਨੇਤਾ ਦਲਾਈ ਨੇ ਅੱਜ ਕਿਹਾ ਕਿ ਉਹ ਭਾਰਤ ਵਿੱਚ ‘ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲੇ ਮਹਿਮਾਨ’ ਹਨ, ਜੋ ਆਪਣੇ ਮੇਜ਼ਬਾਨ ਨੂੰ ਕਦੇ ਵੀ ਕਿਸੇ ਸਮੱਸਿਆ ਵਿੱਚ ਨਹੀਂ ਪੈਣ ਦੇਣਗੇ। ਡਾ. ਰੈੱਡੀਜ਼ ਲੈਬਾਰਟਰੀਜ਼ ਦੇ ਸਹਿ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀ.ਵੀ. ਪ੍ਰਸਾਦ ਅਤੇ ਹੋਰਨਾਂ ਨਾਲ ਆਨਲਾਈਨ ਗੱਲਬਾਤ ਦੌਰਾਨ ਦਲਾਈ ਲਾਮਾ ਨੇ ਕਿਹਾ ਕਿ ਅਹਿੰਸਾ ਅਤੇ ਦਇਆ ਦੇ ਰਾਹ ’ਤੇ ਚੱਲਣ ਵਾਲ ਭਾਰਤ ਹੋਰ ਦੇਸ਼ਾਂ ਲਈ ਇੱਕ ਆਦਰਸ਼ ਹੈ। ਲਾਮਾ ਨੇ ਕਿਹਾ, ‘ਜਿਵੇਂ ਕਿ ਮੈਂ ਹਮੇਸ਼ਾ ਕਿਹਾ ਕਿ ਭਾਰਤ ਮੇਰਾ ਘਰ ਹੈ। ਮੇਰਾ ਜਨਮ ਤਿੱਬਤ ’ਚ ਹੋਇਆ ਪਰ ਮੇਰੀ ਬਹੁਤੀ ਜ਼ਿੰਦਗੀ ਇਸੇ ਦੇਸ਼ ਵਿੱਚ ਗੁਜ਼ਰੀ… ਮੈਨੂੰ ਇਸ ਗੱਲ ’ਤੇ ਮਾਣ ਹੈ ਕਿ ਮੈਂ ਸਭ ਤੋਂ ਲੰਬੇ ਸਮੇਂ ਤੋਂ ਭਾਰਤ ਸਰਕਾਰ ਦਾ ਮਹਿਮਾਨ ਹਾਂ।’ ਉਨ੍ਹਾਂ ਕਿਹਾ ਕਿ ਭਾਰਤ ਵਿੱਚ ‘ਧਾਰਮਿਕ ਸੁਹਿਰਦਤਾ ਜ਼ਿਕਰਯੋਗ’ ਹੈ ਅਤੇ ‘ਮੀਡੀਆ ਆਜ਼ਾਦ’ ਹੈ। ਕੁਝ ਦੇਸ਼ਾਂ ਨੂੰ ਭਾਰਤ ਦੇ ਧਾਰਮਿਕ ਸੁਹਿਰਦਤਾ ਦੇ ਸਿਧਾਂਤਾਂ ਤੋਂ ਸਿੱਖਣ ਦੀ ਲੋੜ ਹੈ।’

ਅਮਰੀਕਾ ਵੱਲੋਂ ਤਿੱਬਤ ਦੇ ਸਮਰਥਨ ਦੀ ਪੁਸ਼ਟੀ

ਧਰਮਸ਼ਾਲਾ- ਅਮਰੀਕਾ ਨੇ ਅੱਜ ਤਿੱਬਤ ਦੇ ਸਮਰਥਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਥੋਂ ਦੇ ਲੋਕ ਚੀਨ ਦੀ ਧਮਕੀ ਅਤੇ ਦਖ਼ਲਅੰਦਾਜ਼ੀ ਤੋਂ ਡਰੇ ਬਗ਼ੈਰ ਆਪਣੇ ਧਰਮ ਦੀ ਪਾਲਣਾ, ਆਪਣੀ ਭਾਸ਼ਾ ਬੋਲ ਅਤੇ ਆਪਣੇ ਸੱਭਿਆਚਾਰ ਦਾ ਜਸ਼ਨ ਮਨਾ ਸਕਦੇ ਹਨ। ਦਲਾਈ ਲਾਮਾ, ਜਿਸ ਨੂੰ ਚੀਨ ਇੱਕ ਖ਼ਤਰਨਾਕ ‘ਵੱਖਵਾਦੀ’ ਕਹਿੰਦਾ ਹੈ, ਨੂੰ ਉਨ੍ਹਾਂ ਦੇ 86ਵੇਂ ਜਨਮ ਦਿਨ ’ਤੇ ਵਧਾਈ ਦਿੰਦਿਆਂ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਜਲਾਵਤਨ ਧਾਰਮਿਕ ਨੇਤਾ ਦਾ ਜਨਮ ਦਿਨ ‘ਦੁਨੀਆ ਲਈ ਉਮੀਦ ਦਾ ਸੁਨੇਹਾ ਅਤੇ ਰੂਹਾਨੀ ਅਗਵਾਈ ਲੈਣ ਦਾ ਮੌਕਾ ਹੈ।’