ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਦੌਰਾਨ ਤੋੜੀ ਸੁਰੱਖਿਆ ਦੀ ਦੂਜੀ ਲੇਅਰ ਗ੍ਰਿਫ਼ਤਾਰੀਆਂ ਸ਼ੁਰੂ

by vikramsehajpal

ਹਰਿਆਣਾ (ਦੇਵ ਇੰਦਰਜੀਤ) : ਹਰਿਆਣਾ ਦੇ ਕਰਨਾਲ ’ਚ ਕਿਸਾਨਾਂ ਵਲੋਂ ਮਿੰਨੀ ਸਕੱਤਰੇਤ ਵੱਲ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ। ਵੱਡੀ ਗਿਣਤੀ ’ਚ ਕਿਸਾਨਾਂ ਦਾ ਹਜ਼ੂਮ ਸੜਕਾਂ ’ਤੇ ਉਤਰ ਗਿਆ ਹੈ। ਕਿਸਾਨਾਂ ਨੇ ਪੁਲਸ ਵਲੋਂ ਬਣਾਈ ਗਈ ਸੁਰੱਖਿਆ ਦੀ ਦੂਜੀ ਲੇਅਰ ਵੀ ਤੋੜ ਦਿੱਤੀਆਂ ਹਨ। ਜਿਸ ਤੋਂ ਬਾਅਦ ਪੁਲਸ ਨੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਉੱਥੇ ਹੀ ਕਿਸਾਨ ਪੁਲਸ ਦੀਆਂ ਬੱਸਾਂ ਅੱਗੇ ਲੰਮੇ ਪੈ ਗਏ ਹਨ। ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਬੈਠਕ ’ਚ ਕੋਈ ਨਤੀਜਾ ਨਹੀਂ ਨਿਕਲ ਸਕਿਆ। ਜਿਸ ਤੋਂ ਬਾਅਦ ਹਜ਼ਾਰਾਂ ਦੀ ਤਾਦਾਦ ’ਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਨੂੰ ਘੇਰਨ ਲਈ ਕੂਚ ਕਰ ਦਿੱਤਾ ਹੈ। ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਕੋਈ ਬੈਰੀਕੇਡ ਨਹੀਂ ਤੋੜਿਆ ਜਾਵੇਗਾ, ਜਿੱਥੇ ਵੀ ਰੋਕਿਆ ਜਾਵੇਗਾ, ਉੱਥੇ ਹੀ ਗਿ੍ਰਫ਼ਤਾਰੀਆਂ ਦਿੱਤੀਆਂ ਜਾਣਗੀਆਂ।

ਕਿਸਾਨਾਂ ਵਲੋਂ ਮਹਾਪੰਚਾਇਤ ਬੀਤੀ 28 ਅਗਸਤ ਨੂੰ ਕਰਨਾਲ ’ਚ ਹੋਏ ਲਾਠੀਚਾਰਜ ਨੂੰ ਲੈ ਕੇ ਬੁਲਾਈ ਗਈ ਹੈ। ਇਸ ਦੇ ਨਾਲ ਹੀ ਕਿਸਾਨ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ 'ਤੇ ਅੜੇ ਹਨ। ਲਾਠੀਚਾਰਜ ਦੌਰਾਨ ਇਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ’ਚ ਐੱਸ.ਡੀ.ਐੱਮ. ਆਊਸ਼ ਸਿਨਹਾ ਕਿਸਾਨਾਂ 'ਤੇ ਲਾਠੀ ਵਰ੍ਹਾਉਣ ਦਾ ਹੁਕਮ ਦਿੰਦੇ ਹੋਏ ਨਜ਼ਰ ਆਏ।

ਉਸੇ ਰਾਤ ਇਕ ਕਿਸਾਨ ਦੀ ਮੌਤ ਵੀ ਹੋਈ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਮੰਗ ਰੱਖੀ ਹੈ ਕਿ ਕਿਸਾਨ ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਐੱਸ.ਡੀ.ਐੱਮ. ਆਊਸ਼ ਸਿਨਹਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਵੇ। ਕਿਸਾਨਾਂ ਨੇ ਇਨ੍ਹਾਂ ਮੰਗਾਂ ਨੂੰ ਲੈ ਕੇ ਮੰਗਲਵਾਰ ਨੂੰ ਕਰਨਾਲ ’ਚ ਮਹਾਪੰਚਾਇਤ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਸੀ।