ਕੁਆਰੰਟੀਨ ਨਿਵਾਸ ਸਥਾਨਾਂ ਦੀ ਸੂਚੀ ਵਿੱਚ ਵਧੇਰੇ ਹੋਟਲ ਸ਼ਾਮਲ ਕਰਨ ਦੀ ਤਿਆਰੀ ‘ਚ ਫੈਡਰਲ ਸਰਕਾਰ

by vikramsehajpal

ਓਟਾਵਾ (ਦੇਵ ਇੰਦਰਜੀਤ)- ਫੈਡਰਲ ਸਰਕਾਰ ਕੈਨੇਡਾ ਵਾਪਸ ਪਰਤਣ ਵਾਲੇ ਯਾਤਰੀਆਂ ਲਈ ਕੋਰੋਨਾਵਾਇਰਸ ਕੁਆਰੰਟੀਨ ਰਿਹਾਇਸ਼ ਦੀ ਸੂਚੀ ਵਿੱਚ ਹੋਰ ਹੋਟਲ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਮਹੀਨੇ, ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਦਾਖਲ ਹੋਣ ਵਾਲਿਆਂ ਲਈ ਨਵਾਂ ਨਿਯਮ ਲਾਗੂ ਕੀਤਾ, ਜਿਸ ਵਿੱਚ ਹਵਾਈ ਯਾਤਰਾ ਰਾਹੀਂ ਕੈਨੇਡਾ ਪਹੁੰਚਣ ਤੇ ਕਿਸੇ ਵੀ ਵਿਅਕਤੀ ਨੂੰ ਇੱਕ ਹੋਟਲ ਵਿੱਚ 3 ਦਿਨਾਂ ਲਈ ਲਾਜ਼ਮੀ ਤੌਰ ‘ਤੇ ਕੁਆਰੰਟੀਨ ਰਹਿਣਾ ਜ਼ਰੂਰੀ ਹੈ।

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀ.ਐੱਚ.ਏ.ਸੀ.) ਨੇ ਕਿਹਾ ਕਿ ਉਹ ਇਸ ਵੇਲੇ ਵਧੇਰੇ ਹੋਟਲਾਂ ਨੂੰ ਸਰਕਾਰੀ ਅਧਿਕਾਰਤ ਰਿਹਾਇਸ਼ (ਜੀ.ਏ.ਏ.) ਵਜੋਂ ਸਵੀਕਾਰ ਕਰ ਰਹੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਯਾਤਰੀਆਂ ਲਈ ਵਾਧੂ ਕਮਰੇ ਉਪਲਬਧ ਹਨ। ਇਸ ਵੇਲੇ ਜੀ.ਏ.ਏ. 4 ਸੂਬਿਆਂ ਅਲਬਰਟਾ, ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਕਿਊਬਿਕ ਵਿੱਚ ਸਥਿਤ ਹਨ ਜਿਥੇ ਹਵਾਈ ਅੱਡੇ ਅੰਤਰਰਾਸ਼ਟਰੀ ਉਡਾਣਾਂ ਸਵੀਕਾਰ ਕਰ ਰਹੇ ਹਨ।
ਉਧਰ ਪੀ.ਐੱਚ.ਏ.ਸੀ. ਅਨੁਸਾਰ ਇਹ ਮਹੱਤਵਪੂਰਨ ਹੈ ਕਿ ਯਾਤਰੀ ਇਹ ਸਮਝਣ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੈਨੇਡਾ ਜਾਣ ਤੋਂ ਪਹਿਲਾਂ ਸਰਕਾਰੀ-ਅਧਿਕਾਰਤ ਹੋਟਲ ‘ਚ ਕਮਰਾ ਬੁਕਿੰਗ ਦੀ ਪੁਸ਼ਟੀ ਕਰਨ । ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਸਖ਼ਤ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਅਧੀਨ ਨਿਯਮਾਂ ਦੀ ਪਾਲਣਾ ਨਾ ਕਰਨ’ ਤੇ ਪ੍ਰਤਿਦਿਨ 3,000 ਡਾਲਰ ਤੱਕ ਦਾ ਜੁਰਮਾਨਾ ਸ਼ਾਮਲ ਹੈ।