ਫੈਡਰਲ ਸਰਕਾਰ ਦਾ ਘਾਟਾ 381.6 ਬਿਲੀਅਨ ਡਾਲਰ ‘ਤੇ ਪਹੁੰਚਿਆ

by vikramsehajpal

ਓਟਾਵਾ (ਐੱਨ.ਆਰ.ਆਈ. ਮੀਡਿਆ)- ਕੈਨੇਡਾ ਵਿੱਚ ਕੋਵਿਡ-19 ਮਹਾਂਮਾਰੀ ਦੀ ਦੂਜੀ ਵੇਵ ਦੇ ਮੱਦੇਨਜ਼ਰ ਫੈਡਰਲ ਸਰਕਾਰ ਵੱਲੋਂ ਵਿੱਤੀ ਮਦਦ ਦੇ ਅਗਲੇ ਗੇੜ ਦਾ ਖੁਲਾਸਾ ਕੀਤਾ ਗਿਆ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਤਾਜ਼ਾ ਅੰਕੜਿਆਂ ਤਹਿਤ ਇਸ ਵਿੱਤੀ ਵਰ੍ਹੇ ਕੌਮੀ ਘਾਟਾ 381.6 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਹਾਊਸ ਆਫ ਕਾਮਨਜ਼ ਵਿੱਚ ਆਰਥਿਕ ਤਸਵੀਰ ਪੇਸ਼ ਕਰਦਿਆਂ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਇਸ ਦੂਜੀ ਸੱਭ ਤੋਂ ਵੱਡੀ ਚੁਣੌਤੀ ਦਾ ਸਾਡੇ ਦੇਸ਼ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।

ਗ੍ਰੇਟ ਡਿਪਰੈਸ਼ਨ ਤੋਂ ਬਾਅਦ ਸਾਡੇ ਦੇਸ਼ ਲਈ ਇਹ ਸੱਭ ਤੋਂ ਵੱਡਾ ਆਰਥਿਕ ਝਟਕਾ ਹੈ ਤੇ ਇੱਕ ਦਹਾਕੇ ਪਹਿਲਾਂ ਆਏ ਸਪੈਨਿਸ਼ ਫਲੂ ਤੋਂ ਲੈ ਕੇ ਹੁਣ ਤੱਕ ਸਾਡਾ ਸੱਭ ਤੋਂ ਖਤਰਨਾਕ ਸਿਹਤ ਸੰਕਟ ਹੈ। ਫਰੀਲੈਂਡ ਨੇ ਆਖਿਆ ਕਿ ਕੈਨੇਡੀਅਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਵੇਂ ਕਿਹੋ ਜਿਹਾ ਵੀ ਸੰਕਟ ਕਿਉਂ ਨਾ ਹੋਵੇ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੀ ਮਦਦ ਲਈ ਹਮੇਸ਼ਾਂ ਤਿਆਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਇਸ ਸਮੇਂ ਦੇਸ਼ ਵਿੱਚ ਕੋਵਿਡ-19 ਦੀ ਸੈਕਿੰਡ ਵੇਵ ਚੱਲ ਰਹੀ ਹੇ ਤੇ ਇਸ ਸਮੇਂ ਸਰਕਾਰ ਦੀ ਤਰਜੀਹ ਵਾਇਰਸ ਨਾਲ ਲੜਨਾ ਤੇ ਕੈਨੇਡੀਅਨਾਂ ਦੀ ਸਿਹਤ ਤੇ ਸੇਫਟੀ ਦੀ ਹਿਫਾਜ਼ਤ ਕਰਨਾ ਹੈ|

ਉਨ੍ਹਾਂ ਆਖਿਆ ਕਿ ਲਿਬਰਲਾਂ ਵੱਲੋਂ ਹੁਣ ਤੱਕ ਕੀਤੇ ਗਏ ਖਰਚਿਆਂ ਸਦਕਾ ਹੀ ਅਰਥਚਾਰਾ ਸਥਿਰ ਬਣਿਆ ਹੋਇਆ ਹੈ ਤੇ ਇਸੇ ਲਈ ਸਰਕਾਰ ਵੱਲੋਂ ਇਸ ਪਹੁੰਚ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ| ਉਨ੍ਹਾਂ ਆਖਿਆ ਕਿ ਇਸ ਵੇਲੇ ਇਹ ਯਕੀਨੀ ਬਣਾਉਣਾ ਸੱਭ ਤੋਂ ਜ਼ਰੂਰੀ ਹੈ ਕਿ ਸਾਡਾ ਅਰਥਚਾਰਾ ਜ਼ਖ਼ਮੀ ਨਾ ਹੋਵੇ ਤਾਂ ਕਿ ਅਸੀਂ ਸੰਕਟ ਤੋਂ ਪਹਿਲਾਂ ਵਾਂਗ ਹੀ ਬਿਨਾਂ ਕਿਸੇ ਸਮੱਸਿਆ ਦੇ ਬਾਹਰ ਆ ਸਕੀਏ| ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਦਾ ਅਰਥਚਾਰਾ ਮਜ਼ਬੂਤ ਰਹੇ ਤੇ ਵਿਕਾਸ ਦੇ ਰਾਹ ਪਿਆ ਰਹੇ।