ਬਾਈਡੇਨ ਰਾਜ ‘ਚ ਪਹਿਲੀ ਅਮਰੀਕਾ ਤੇ ਚੀਨ ਦੀ ਬੈਠਕ

by vikramsehajpal

ਅਮਰੀਕਾ,(ਦੇਵ ਇੰਦਰਜੀਤ) :ਜੋਅ ਬਾਈਡੇਨ ਦੇ ਅਹੁਦਾ ਸੰਭਾਲਣ ਦੇ ਬਾਅਦ ਅਮਰੀਕਾ ਅਤੇ ਚੀਨ ਦੇ ਉੱਚ ਅਧਿਕਾਰੀਆਂ ਦੀ ਆਹਮੋ-ਸਾਹਮਣੇ ਪਹਿਲੀ ਬੈਠਕ ਹੋਈ। ਇਸ ਬੈਠਕ ਵਿਚ ਦੋਹਾਂ ਪੱਖਾਂ ਨੇ ਇਕ-ਦੂਜੇ ਦੇ ਪ੍ਰਤੀ ਅਤੇ ਦੁਨੀਆ ਨੂੰ ਲੈਕੇ ਬਿਲਕੁੱਲ ਵਿਰੋਧੀ ਵਿਚਾਰ ਰੱਖੇ।ਅਲਾਸਕਾ ਵਿਚ ਦੋ ਦਿਨ ਤੱਕ ਚੱਲਣ ਵਾਲੀ ਇਸ ਵਾਰਤਾ ਦੇ ਸ਼ੁਰੂ ਵਿਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਚੀਨੀ ਕਮਿਊਨਿਸਟ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਪ੍ਰਮੁੱਖ ਯਾਂਗ ਜਿਯੇਚੀ ਨੇ ਇਕ-ਦੂਜੇ ਦੇ ਦੇਸ਼ ਦੀਆਂ ਨੀਤੀਆਂ 'ਤੇ ਨਿਸ਼ਾਨਾ ਵਿੰਨ੍ਹਿਆ। ਕਿਸੇ ਗੰਭੀਰ ਡਿਪਲੋਮੈਟਿਕ ਵਾਰਤਾ ਲਈ ਇਹ ਅਸਧਾਰਨ ਗੱਲ ਹੈ।

ਬਾਈਡੇਨ ਪ੍ਰਸ਼ਾਸਨ ਚੀਨ ਦੇ ਦਬਦਬਾ ਵਧਾਉਣ ਦੇ ਵੱਧਦੇ ਰੁਝਾਨ ਖ਼ਿਲਾਫ਼ ਸਹਿਯੋਗੀ ਦੇਸ਼ਾਂ ਨਾਲ ਇਕਜੁਟ ਹੈ। ਇਸ 'ਤੇ ਯਾਂਗ ਨੇ ਅਮਰੀਕਾ ਸੰਬੰਧੀ ਚੀਨ ਦੀ ਸ਼ਿਕਾਇਤਾਂ ਦੀ ਲੰਬੀ ਸੂਚੀ ਜਾਰੀ ਕਰ ਦਿੱਤੀ ਅਤੇ ਵਾਸ਼ਿੰਗਟਨ 'ਤੇ ਮਨੁੱਖੀ ਅਧਿਕਾਰਾਂ ਅਤੇ ਹੋਰ ਮੁੱਦਿਆਂ 'ਤੇ ਬੀਜਿੰਗ ਦੀ ਆਲੋਚਨਾ ਕਰਨ ਲਈ ਦਿਖਾਵਾ ਕਰਨ ਦਾ ਦੋਸ਼ ਲਗਾਇਆ। ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਚੀਨ ਦੇ ਉਸ ਦਾਅਵੇ ਨੂੰ ਵੀ ਖਾਰਿਜ ਕਰ ਦਿੱਤਾ, ਜਿਸ ਵਿਚ ਉਸ ਦਾ ਕਹਿਣਾ ਹੈ ਕਿ ਸ਼ਿਨਜਿਆਂਗ, ਤਾਇਵਾਨ ਅਤੇ ਹਾਂਗਕਾਂਗ ਇਹ ਸਾਰੇ ਉਸ ਦੇ ਅੰਦਰੂਨੀ ਮਾਮਲੇ ਹਨ। ਬਲਿੰਕਨ ਨੇ ਕਿਹਾ ਕਿ ਸਾਡਾ ਪ੍ਰਸ਼ਾਸਨ ਅਮਰੀਕਾ ਦੇ ਹਿਤਾਂ ਨੂੰ ਅੱਗੇ ਵਧਾਉਣ ਅਤੇ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੂਟਨੀਤੀ ਨਾਲ ਅੱਗੇ ਵਧਣਾ ਚਾਹੁੰਦਾ ਹੈ।

ਇਸ ਬੈਠਕ ਵਿਚ ਦੋਹਾਂ ਪੱਖਾਂ ਦੇ ਤਲਖ ਮਿਜਾਜ਼ ਤੋਂ ਲੱਗਦਾ ਹੈ ਕਿ ਵਿਅਕਤੀਗਤ ਵਾਰਤਾ ਹੋਰ ਵੀ ਹੰਗਾਮੇਦਾਰ ਹੋ ਸਕਦੀ ਹੈ। ਐਂਕਰੇਜ ਵਿਚ ਹੋ ਰਹੀ ਇਹ ਬੈਠਕ ਦੋਹਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਹੁੰਦੇ ਰਿਸ਼ਤਿਆਂ ਲਈ ਨਵੀਂ ਪ੍ਰੀਖਿਆ ਵਾਂਗ ਹੈ। ਦੋਹਾਂ ਦੇਸ਼ਾਂ ਵਿਚ ਤਿੱਬਤ, ਹਾਂਗਕਾਂਗ ਅਤੇ ਚੀਨ ਦੇ ਪੱਛਮੀ ਸ਼ਿਨਜਿਆਂਗ ਖੇਤਰ ਵਿਚ ਵਪਾਰ ਤੋਂ ਲੈਕੇ ਮਨੁੱਖੀ ਅਧਿਕਾਰਾਂ ਤੱਕ ਕਈ ਮੁੱਦਿਆਂ 'ਤੇ ਮਤਭੇਦ ਹਨ। ਉਹਨਾਂ ਵਿਚਾਲੇ ਤਾਇਵਾਨ, ਦੱਖਣੀ ਚੀਨ ਸਾਗਰ ਵਿਚ ਚੀਨ ਦੇ ਵੱਧਦੇ ਦਬਦਬੇ ਅਤੇ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨੂੰ ਲੈਕੇ ਵੀ ਵਿਵਾਦ ਹਨ।