ਕੈਨੇਡਾ ਦੇ ਅਮੀਰਾਂ ਲਈ ਖੁਸ਼ ਖਬਰੀ, ਟੈਕਸ ਦੇਣਦਾਰੀਆਂ ਘਟੀਆਂ

by mediateam

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਅਮੀਰਾਂ ਦੀ ਆਮਦਨ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਉਹ ਹੋਰ ਦੌਲਤਮੰਦ ਹੁੰਦੇ ਜਾ ਰਹੇ ਹਨ ਜਦਕਿ ਮੱਧ ਵਰਗੀ ਲੋਕਾਂ ਦੇ ਮਾਮਲੇ ਵਿਚ ਅਜਿਹਾ ਨਹੀਂ। ਇਕ ਤਾਜ਼ਾ ਅਧਿਐਨ ਮੁਤਾਬਕ 2017 ਦੌਰਾਨ ਕੈਨੇਡੀਅਨ ਲੋਕਾਂ ਦੀ ਆਮਦਨ ਔਸਤ ਆਧਾਰ 'ਤੇ 2.5 ਫ਼ੀ ਸਦੀ ਵਧ ਜਦਕਿ ਅਮੀਰਾਂ ਦੀ ਆਮਦਨ ਵਿਚ 8.5 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਕੈਨੇਡਾ ਦੇ ਚੋਟੀ ਦੇ 0.1 ਫ਼ੀ ਸਦੀ ਅਮੀਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਨਾਂ ਦੀ ਆਮਦਨ ਵਿਚ 17.2 ਫ਼ੀ ਸਦੀ ਵਾਧਾ ਹੋਇਆ ਜੋ ਪਿਛਲੇ 35 ਸਾਲ ਵਿਚ ਚੌਥਾ ਸਭ ਤੋਂ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ। 

ਅਧਿਐਨ ਮੁਤਾਬਕ ਮੁਲਕ ਦੇ ਸਿਖਰਲੇ ਇਕ ਫ਼ੀ ਸਦੀ ਅਮੀਰਾਂ ਦੀ ਔਸਤ ਆਮਦਨ ਵਿਚ 2014 ਵਿਚ 4 ਲੱਖ 86 ਹਜ਼ਾਰ ਡਾਲਰ ਦਾ ਵਾਧਾ ਹੋਇਆ ਅਤੇ 2015 ਵਿਚ ਇਹ ਰਕਮ ਵਧ ਕੇ 5 ਲੱਖ 45 ਹਜ਼ਾਰ ਡਾਲਰ ਹੋ ਗਈ। ਇਸੇ ਤਰਾਂ 2016 ਵਿਚ 4 ਲੱਖ 40 ਹਜ਼ਾਰ ਡਾਲਰ ਦਾ ਵਾਧਾ ਦਰਜ ਕੀਤਾ ਗਿਆ। ਇਹ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਚੋਣ ਪ੍ਰਚਾਰ ਪੂਰੀ ਤਰਾਂ ਭਖ ਚੁੱਕਿਆ ਹੈ। ਉਧਰ ਸਟੈਟਿਸਟਿਕਸ ਕੈਨੇਡਾ ਦੀ ਇਕ ਰਿਪੋਰਟ ਕਹਿੰਦੀ ਹੈ ਕਿ ਅਮੀਰ ਲੋਕਾਂ ਦੀ ਸਿਰਫ਼ ਆਮਦਨ ਹੀ ਨਹੀਂ ਵਧੀ ਸਗੋਂ ਉਨਾਂ ਦੀਆਂ ਟੈਕਸ ਦੇਣਦਾਰੀਆਂ ਪਹਿਲਾਂ ਦੇ ਮੁਕਾਬਲੇ ਘਟ ਗਈਆਂ।