ਪੰਜਾਬ ‘ਚ ਗਰਮੀ ਨੇ ਲੋਕ ਕੀਤੇ ਬੇਹਾਲ

by vikramsehajpal

ਜਲੰਧਰ (ਦੇਵ ਇੰਦਰਜੀਤ) : ਪੰਜਾਬ ਦੇ ਲੋਕ ਜ਼ਬਰਦਸਤ ਗਰਮੀ ਦੀ ਮਾਰ ਝੱਲ ਰਹੇ ਹਨ। ਪਿਛਲੇ ਇਕ ਹਫ਼ਤੇ ਤੋਂ ਸੂਬੇ ਵਿਚ ਲੂ ਚੱਲ ਰਹੀ ਹੈ। ਗਰਮ ਹਵਾਵਾਂ ਦੇ ਥਪੇੜਿਆਂ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ। ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਪਾਰਾ 40 ਡਿਗਰੀ ਸੈਲਸੀਅਸ ਤੋਂ ਉਪਰ ਚੱਲ ਰਿਹਾ ਹੈ। ਮੰਗਲਵਾਰ ਨੂੰ ਅੰਮ੍ਰਿਤਸਰ ਵਿਚ ਤਾਪਮਾਨ 40.3 ਡਿਗਰੀ, ਬਠਿੰਡੇ 'ਚ 40.6 ਡਿਗਰੀ ਤੇ ਪਟਿਆਲੇ 'ਚ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਸਾਰੀਆਂ ਥਾਵਾਂ ਦਾ ਤਾਪਮਾਨ ਆਮ ਨਾਲੋਂ ਛੇ ਡਿਗਰੀ ਸੈਲਸੀਅਸ ਜ਼ਿਆਦਾ ਰਿਹਾ ਜਦਕਿ ਲੁਧਿਆਣੇ ਦਾ ਤਾਪਮਾਨ 38.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਅਨੁਸਾਰ ਬੁੱਧਵਾਰ ਨੂੰ ਵੀ ਪੰਜਾਬ ਵਿਚ ਗਰਮ ਹਵਾਵਾਂ ਚੱਲਣਗੀਆਂ ਤੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਹੇਗਾ। ਵੀਰਵਾਰ ਤੋਂ ਮੌਸਮ ਬਦਲੇਗਾ। ਪੰਜਾਬ ਵਿਚ ਕਈ ਥਾਈਂ ਮੌਨਸੂਨ ਦੀ ਬਾਰਿਸ਼ ਹੋਵੇਗੀ। ਹਾਲਾਂਕਿ ਬਾਰਿਸ਼ ਹਲਕੀ ਤੇ ਸਾਧਾਰਨ ਹੋ ਸਕਦੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਵੇਗੀ।