ਹਿਮਾਚਲ ਸਰਕਾਰ ਨੇ ਪੰਜਾਬੀ ਲੋਕਾਂ ਅਤੇ ਪੰਜਾਬ ਤੋਂ ਆਉਣ ਵਾਲਿਆਂ ਲਈ ਕੀਤਾ ਆਪਣਾ ਬਾਰਡਰ ਸੀਲ

by vikramsehajpal

ਚੰਡੀਗੜ੍ਹ,(ਦੇਵ ਇੰਦਰਜੀਤ) : ਗੁਆਂਢੀ ਸੂਬੇ ਪੰਜਾਬ ਦੇ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਸੂਬੇ 'ਚ ਪ੍ਰੇਸ਼ਾਨੀਆਂ ਵੱਧ ਗਈਆਂ ਹਨ।ਪੰਜਾਬ ਵਾਲੇ ਪਾਸਿਓਂ ਆਉਣ ਵਾਲਿਆਂ ਲਈ ਹਿਮਾਚਲ ਪ੍ਰਦੇਸ਼ ਦੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਸਰਕਾਰ ਨੇ ਸਖਤ ਫੈਸਲਾ ਲਿਆ ਹੈ। ਸੂਬੇ 'ਚ ਦਾਖਲ ਹੋਣ ਲਈ ਹੁਣ ਕੋਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ ਕਰ ਦਿੱਤੀ ਗਈ ਹੈ।

ਇਸ ਸਬੰਧ 'ਚ ਸੂਬੇ ਦੇ ਸੀਐਮਓ ਵੱਲੋਂ ਜਾਰੀ ਕੀਤੇ ਗਏ ਆਦੇਸ਼ 'ਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਮਹਾਰਾਸ਼ਟਰ, ਗੁਜਰਾਤ ਤੇ ਕਰਨਾਟਕ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਰੋਨਾ ਨੈਗੇਟਿਵ ਰਿਪੋਰਟ ਨਾਲ ਰੱਖਣੀ ਜ਼ਰੂਰੀ ਹੈ।

ਅਜਿਹੇ 'ਚ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਪਹਿਲਾਂ ਹੀ 21 ਅਪ੍ਰੈਲ ਤਕ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਚੁੱਕੀ ਹੈ। ਸਰਕਾਰ ਨੇ ਮੈਰਿਜ ਹਾਲ (ਇਨਡੋਰ) 'ਚ ਹੋਣ ਵਾਲੇ ਵਿਆਹ ਸਮਾਗਮਾਂ 'ਚ 50 ਤੋਂ ਵੱਧ ਲੋਕਾਂ ਅਤੇ ਖੁੱਲੀਆਂ ਥਾਂਵਾਂ 'ਤੇ ਹੋਣ ਵਾਲੇ ਸਮਾਗਮਾਂ 'ਚ 200 ਤੋਂ ਵੱਧ ਲੋਕਾਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਅੰਤਮ ਸੰਸਕਾਰ 'ਚ ਸਿਰਫ਼ 50 ਲੋਕ ਹੀ ਸ਼ਾਮਲ ਹੋ ਸਕਣਗੇ।

ਪਿਛਲੇ ਦਿਨੀਂ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਹੇਠ ਇਕ ਸਮੀਖਿਆ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਸੂਬੇ 'ਚ ਆਉਣ ਵਾਲੇ ਕਿਸੇ ਵੀ ਬਾਹਰੀ ਸੂਬੇ ਦੇ ਵਿਅਕਤੀ ਨੂੰ ਆਪਣੇ ਨਾਲ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣੀ ਹੋਵੇਗੀ। ਇਸ ਤੋਂ ਬਗੈਰ ਐਂਟਰੀ ਨਹੀਂ ਹੋਵੇਗੀ। ਆਦੇਸ਼ ਅਨੁਸਾਰ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ 72 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ।

ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦਾ ਇਹ ਫ਼ੈਸਲੇ ਨਾਲ ਆਵਾਜਾਈ ਪ੍ਰਭਾਵਿਤ ਹੋਵੇਗੀ ਅਤੇ ਕੋਰੋਨਾ ਦੀ ਚੇਨ ਨੂੰ ਤੋੜਨ 'ਚ ਮਦਦ ਮਿਲੇਗੀ। ਹਾਲਾਂਕਿ ਇਹ ਫ਼ੈਸਲਾ ਸੂਬੇ ਦੇ ਸੈਰ-ਸਪਾਟਾ ਉਦਯੋਗ ਦੀਆਂ ਚਿੰਤਾਵਾਂ ਨੂੰ ਵਧਾ ਸਕਦਾ ਹੈ, ਜੋ ਲਗਾਤਾਰ ਕਈ ਮਹੀਨਿਆਂ ਦੇ ਸੰਕਟ ਤੋਂ ਬਾਅਦ ਮੁੜ ਬਹਾਲੀ ਦੇ ਦੌਰ 'ਚ ਸੀ।

ਦੇਸ਼ ਦੇ ਨਾਲ-ਨਾਲ ਸੂਬੇ 'ਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਹ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਉਨ੍ਹਾਂ ਨੇ ਮੌਜੂਦਾ ਸਮੇਂ ਕਿਸੇ ਵੀ ਫੈਸਲੇ ਜਿਵੇਂ ਕਿ ਲੌਕਡਾਊਨ ਤੋਂ ਇਨਕਾਰ ਕੀਤਾ ਹੈ, ਪਰ ਇਹ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪਾਬੰਦੀਆਂ ਵਧਾਈਆਂ ਜਾ ਸਕਦੀਆਂ ਹਨ। ਕੋਰੋਨਾ ਦੇ ਵੱਧ ਰਹੇ ਕੇਸਾਂ ਬਾਰੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਫੈਲਣ ਦਾ ਸਿਲਸਿਲਾ ਬਹੁਤ ਤੇਜ਼ ਹੈ।

ਹਿਮਾਚਲ ਪ੍ਰਦੇਸ਼ 'ਚ ਐਕਟਿਵ ਮਾਮਲੇ ਸਾਢੇ 4 ਹਜ਼ਾਰ ਤੋਂ ਪਾਰ ਹੋ ਗਏ ਹਨ ਤੇ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ।