ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਵੇਗਾ ਕਬੱਡੀ ਦਾ ਮਹਾਂ ਕੁੰਭ

by mediateam

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦਾ ਸ਼ੁੱਭ ਆਰੰਭ ਪਹਿਲੀ ਦਸੰਬਰ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ ਤੋਂ ਹੋਣ ਜਾ ਰਿਹਾ ਹੈ। ਇਸ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਟੇਡੀਅਮ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸ਼ਿੰਗਾਰਿਆ ਗਿਆ ਹੈ। ਸਟੇਡੀਅਮ ਦੇ ਅੰਦਰ ਤਿੰਨ ਸਟੇਜਾਂ ਬਣਾਈਆਂ ਗਈਆਂ ਹਨ, ਜਿਨਾਂ ਵਿਚੋਂ ਵਿਚਕਾਰਲੀ ਸਟੇਜ ਮੁੱਖ ਮਹਿਮਾਨ ਲਈ ਅਤੇ ਬਾਕੀ ਦੋ ਸਟੇਜਾਂ ਪਤਵੰਤੇ ਸੱਜਣਾ ਅਤੇ ਐਵਾਰਡੀਜ਼ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਲਈ ਹੋਣਗੀਆਂ। 

ਟੂਰਨਾਮੈਂਟ ਦਾ ਸ਼ੁੱਭ ਆਰੰਭ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ  ਸਵੇਰੇ 11 ਵਜੇ ਕਰਨਗੇ। ਟੂਰਨਾਮੈਂਟ ਵਿਚ 8 ਮੁਲਕਾਂ ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜਿਨਾਂ ਵਿਚ ਪੂਲ ਏ ਵਿਚ ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਸ੍ਰੀਲੰਕਾ ਹੋਣਗੇ ਜਦਕਿ ਪੂਲ ਬੀ ਵਿਚ ਕੈਨੇਡਾ, ਅਮਰੀਕਾ, ਨਿੳੂਜ਼ੀਲੈਂਡ ਅਤੇ ਕੀਨੀਆ ਦੀਆਂ ਟੀਮਾਂ ਹੋਣਗੀਆਂ। ਅੱਜ ਤਿੰਨ ਮੈਚ ਖੇਡੇ ਜਾਣਗੇ ਜਿਨਾਂ ਵਿਚ ਪਹਿਲਾ ਮੈਚ ਸ੍ਰੀਲੰਕਾ ਅਤੇ ਇੰਗਲੈਂਡ ਦਰਮਿਆਨ ਖੇਡਿਆ ਜਾਵੇਗਾ ਜਦਕਿ ਦੂਸਰਾ ਕੈਨੇਡਾ ਤੇ ਕੀਨੀਆ ਅਤੇ ਤੀਸਰਾ ਅਮਰੀਕਾ ਤੇ ਨਿੳੂਜ਼ੀਲੈਂਡ ਵਿਚਾਲੇ ਹੋਵੇਗਾ।  ਮੈਚਾਂ ਤੋਂ ਪਹਿਲਾਂ ਸਵੇਰੇ 10 ਵਜੇ ਪ੍ਰਸਿੱਧ ਪੰਜਾਬੀ ਗਾਇਕ ਕੰਠ ਕਲੇਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ ਅਤੇ ਵਿਦਿਆਰਥੀਆਂ ਵੱਲੋਂ ਵੀ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਜਾਵੇਗਾ।

ਦਰਸ਼ਕਾਂ ਦੀ ਸਹੂਲਤ ਲਈ ਸਟੇਡੀਅਮ ਵਿਚ ਤਿੰਨ ਵਿਸ਼ਾਲ ਐਲ. ਈ. ਡੀ ਵਾਲਜ਼ ਵੀ ਲਗਾਈਆਂ ਗਈਆਂ ਹਨ ਅਤੇ ਬੈਠ ਕੇ ਆਨੰਦ ਮਾਨਣ ਲਈ 10 ਹਜ਼ਾਰ ਤੋਂ ਵੱਧ ਕੁਰਸੀਆਂ ਵੀ ਲਗਾਈਆਂ ਗਈਆਂ ਹਨ। ਡਾਇਰੈਕਟਰ ਖੇਡਾਂ ਪੰਜਾਬ ਸ੍ਰੀ ਸੰਜੇ ਪੋਪਲੀ ਨੇ ਅੱਜ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਡਾ. ਚਾਰੂਮਿਤਾ, ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸ੍ਰੀ ਲਤੀਫ਼ ਅਹਿਮਦ ਤੇ ਸ. ਰਣਦੀਪ ਸਿੰਘ ਹੀਰ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਸ਼ਿਖਾ ਭਗਤ, ਡਿਪਟੀ ਡਾਇਰੈਕਟਰ ਖੇਡਾਂ ਸ੍ਰੀ ਕਰਤਾਰ ਸਿੰਘ, ਤਹਿਸੀਲਦਾਰ ਕਪੂਰਥਲਾ ਸ. ਮਨਵੀਰ ਸਿੰਘ ਢਿੱਲੋਂ, ਬੀ. ਡੀ. ਪੀ. ਓ ਸੁਲਤਾਨਪੁਰ ਲੋਧੀ ਸ. ਗੁਰਪ੍ਰਤਾਪ ਸਿੰਘ ਗਿੱਲ, ਜ਼ਿਲਾ ਖੇਡ ਅਫ਼ਸਰ ਸ੍ਰੀ ਪਰਦੀਪ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ, ਪਿ੍ਰੰਸੀਪਲ ਐਸ. ਐਸ. ਰੰਧਾਵਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।