ਭਵਾਨੀਗੜ੍ਹ (ਨੇਹਾ): ਨੇੜਲੇ ਪਿੰਡ ਅਲੋਅਰਖ ਵਿੱਚ ਮੋਟਰਸਾਈਕਲ 'ਤੇ ਸਵਾਰ ਅਣਪਛਾਤੇ ਲੁਟੇਰਿਆਂ ਵੱਲੋਂ ਗੁਰਦੁਆਰੇ ਵਿੱਚ ਸੇਵਾ ਕਰਨ ਤੋਂ ਬਾਅਦ ਘਰ ਪਰਤ ਰਹੀ ਇੱਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਭੱਜ ਜਾਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਲੋਅਰਖ ਦੇ ਵਸਨੀਕ ਗੁਰਦੇਵ ਸਿੰਘ ਦੀ ਪਤਨੀ ਰਣਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਪਿੰਡ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਰੋਜ਼ਾਨਾ ਸੇਵਾ ਕਰਨ ਤੋਂ ਬਾਅਦ ਘਰ ਪਰਤ ਰਹੀ ਸੀ।
ਜਦੋਂ ਉਹ ਆਪਣੇ ਘਰ ਦੇ ਗੇਟ ਕੋਲ ਪਹੁੰਚੀ ਤਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਆਏ ਅਤੇ ਉਸਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਭੱਜ ਗਏ। ਔਰਤ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

