ਲੰਡਨ (ਵਿਕਰਮ ਸਹਿਜਪਾਲ) : ਆਇਰਲੈਂਡ 'ਚ ਟ੍ਰੇਨ ਯਾਤਰਾ ਦੌਰਾ ਇਕ ਭਾਰਤੀ ਪਰਿਵਾਰ ਨੂੰ ਨਸਲੀ ਦੁਰਵਿਹਾਰ ਦਾ ਸਾਹਮਣਾ ਕਰਨਾ ਪਿਆ। ਟ੍ਰੇਨ 'ਚ ਸਫਰ ਦੌਰਾਨ ਭਾਰਤੀ ਪਰਿਵਾਰ ਨੂੰ ਇਕ ਸ਼ਖ਼ਸ ਨੇ ਗਾਲ੍ਹਾਂ ਕੱਢੀਆਂ। ਪਿਛਲੇ ਦਿਨੀਂ ਪ੍ਰਸੂਨ ਭੱਟਾਚਾਰਜੀ ਆਪਣੇ ਪਰਿਵਾਰ ਨਾਲ ਟ੍ਰੇਨ 'ਚ ਬੈਲਫਾਸਟ ਤੋਂ ਆਇਰਲੈਂਡ ਦੀ ਰਾਜਧਾਨੀ ਡਬਲਿਨ ਜਾ ਰਹੇ ਸਨ।
ਰਸਤੇ 'ਚ ਇਕ ਅਣਜਾਣ ਸ਼ਖ਼ਸ ਉਨ੍ਹਾਂ ਕੋਲ ਆ ਕੇ ਬੈਠ ਗਿਆ। ਉਹ ਸ਼ਰਾਬ ਵੀ ਪੀ ਰਿਹਾ ਸੀ। ਉਸ ਨੇ ਫਿਰ ਪਰਿਵਾਰ ਵੱਲ ਮੁੜ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਭਾਸ਼ਾ, ਰੰਗ ਰੂਪ ਤੇ ਨਾਗਰਿਕਤਾ ਨੂੰ ਲੈ ਕੇ ਉਸ ਨੇ ਪਰਿਵਾਰ ਨੂੰ ਅਪਮਾਨਿਤ ਕੀਤਾ।
ਟ੍ਰੇਨ ਦੇ ਗਾਰਡ ਨੂੰ ਜਦੋਂ ਪ੍ਰਸੂਨ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਗਾਰਡ ਸ਼ਖ਼ਸ ਨੂੰ ਸਿਰਫ਼ ਬੈਠਣ ਦਾ ਸੰਕੇਤ ਦੇ ਕੇ ਚਲਾ ਗਿਆ। ਉਨ੍ਹਾਂ ਮਾਮਲੇ ਦੀ ਸ਼ਿਕਾਇਤ ਇਮੀਗ੍ਰਾਂਟ ਕੌਂਸਲ ਆਫ ਆਇਰਲੈਂਡ ਨੂੰ ਕੀਤੀ। ਕੌਂਸਲ ਦੀ ਮੈਨੇਜਰ ਨੇ ਕਿਹਾ ਕਿ ਨਸਲੀ ਦੁਰਵਿਹਾਰ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ। ਮਾਮਲਾ ਸਾਹਮਣੇ ਆਉਣ 'ਤੇ ਆਇਰਿਸ਼ ਰੇਲ ਦੇ ਤਰਜਮਾਨ ਬੈਰੀ ਕੇਨੀ ਨੇ ਕਿਹਾ ਕਿ ਇਹ ਇਕ ਸ਼ਰਮਨਾਕ ਘਟਨਾ ਹੈ। ਇਸ ਲਈ ਉਨ੍ਹਾਂ ਭਾਰਤੀ ਪਰਿਵਾਰ ਤੋਂ ਮਾਫ਼ੀ ਮੰਗੀ।



