ਕੈਨੇਡੀਅਨ ਸੁਪਰੀਮ ਕੋਰਟ ‘ਚ ਭਾਰਤੀ ਮੂਲ ਦਾ ‘ਜੱਜ’ ਦੇਵੇਗਾ ਸੇਵਾਵਾਂ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਭਾਰਤੀ ਮੂਲ ਦੇ ਜਸਟਿਸ ਮਹਿਮੂਦ ਜਮਾਲ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਨਾਮਜ਼ਦ ਹੋਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਬਣ ਗਏ ਹਨ। ਉਹਨਾਂ ਨੂੰ ਓਂਟਾਰੀਓ ਦੀ ਅਪੀਲ ਕੋਰਟ ਨੇ ਤਰੱਕੀ ਦਿੱਤੀ ਹੈ, ਜਿੱਥੇ ਉਹਨਾਂ ਨੇ ਸਾਲ 2019 ਤੋਂ ਸੇਵਾ ਨਿਭਾਈ ਹੈ। ਜਸਟਿਸ ਜਮਾਲ ਦਾ ਜਨਮ 1967 ਵਿਚ ਨੈਰੋਬੀ ਵਿਚ ਹੋਇਆ ਸੀ ਜਿੱਥੇ ਉਹਨਾਂ ਦਾ ਪਰਿਵਾਰ ਇੱਕ ਪੀੜ੍ਹੀ ਪਹਿਲਾਂ ਭਾਰਤ ਤੋਂ ਆਇਆ ਸੀ। ਬਾਅਦ ਵਿਚ ਇਹ ਪਰਿਵਾਰ 1969 ਵਿਚ ਯੂਕੇ ਚਲਾ ਗਿਆ। ਉਹ ਆਪਣੇ ਪਰਿਵਾਰ ਨਾਲ 1981 ਵਿਚ ਕੈਨੇਡਾ ਆਏ।

ਇੱਥੇ ਉਹਨਾਂ ਨੇ ਮੈਕਗਿੱਲ ਯੂਨੀਵਰਸਿਟੀ ਅਤੇ ਫਿਰ ਯੇਲ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਆਪਣੀ ਡਿਗਰੀ ਲਈ ਟੋਰਾਂਟੋ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ। ਜਸਟਿਸ ਜਮਾਲ ਨੂੰ ਇਹ ਅਹੁਦਾ ਮਿਲਣ 'ਤੇ ਜਸਟਿਸ ਟਰੂਡੋ ਨੇ ਵੀ ਟਵੀਟ ਕੀਤਾ ਹੈ ਅਤੇ ਖੁਸ਼ੀ ਜਤਾਈ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਜਸਟਿਸ ਜਮਾਲ ਨੂੰ ਨਾਮਜ਼ਦ ਕਰਦਿਆਂ ਲਿਖਿਆ,"ਮੈਂ ਜਸਟਿਸ ਮਹਿਮੂਦ ਜਮਾਲ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਨਾਮਜ਼ਦ ਕਰਨ ਦੀ ਘੋਸ਼ਣਾ ਕਰ ਕੇ ਖੁਸ਼ ਹਾਂ। ਦੁਨੀਆ ਭਰ ਵਿਚ ਸਨਮਾਨਿਤ ਕੈਨੇਡਾ ਦੀ ਸੁਪਰੀਮ ਕੋਰਟ ਆਪਣੀ ਤਾਕਤ, ਸੁਤੰਤਰਤਾ ਅਤੇ ਨਿਆਂਇਕ ਉੱਤਮਤਾ ਲਈ ਜਾਣੀ ਜਾਂਦੀ ਹੈ।"

ਟਰੂਡੋ ਨੇ ਅਗੇ ਕਿਹਾ,"ਜਸਟਿਸ ਜਮਾਲ ਆਪਣੇ ਵਿਲੱਖਣ ਕਾਨੂੰਨੀ ਤੇ ਅਕਾਦਮਿਕ ਤਜਰਬੇ ਅਤੇ ਦੂਜਿਆਂ ਦੀ ਸੇਵਾ ਕਰਨ ਦੇ ਸਮਰਪਣ ਨਾਲ, ਸਾਡੀ ਦੇਸ਼ ਦੀ ਸਰਵਉੱਚ ਅਦਾਲਤ ਲਈ ਇਕ ਮਹੱਤਵਪੂਰਣ ਉਦਾਹਰਨ ਸਾਬਤ ਹੋਣਗੇ।" ਅੰਗ੍ਰੇਜ਼ੀ ਅਤੇ ਫ੍ਰੈਂਚ ਬੋਲਣ ਵਾਲੇ ਜਸਟਿਸ ਜਮਾਲ ਸੁਪਰੀਮ ਕੋਰਟ ਵਿਚ ਸਿਵਲ, ਸੰਵਿਧਾਨਕ, ਅਪਰਾਧਿਕ ਅਤੇ ਨਿਯਮਿਤ ਮਾਮਲਿਆਂ ਬਾਰੇ 35 ਅਪੀਲਾਂ ਵਿਚ ਪੇਸ਼ ਹੋਏ ਹਨ। ਜਸਟਿਸ ਜਮਾਲ ਦਾ ਵਿਆਹ ਗੋਲੇਟਾ ਨਾਲ ਹੋਇਆ ਹੈ ਜੋ ਕਿ ਈਰਾਨ ਵਿਚ 1979 ਦੀ ਕ੍ਰਾਂਤੀ ਤੋਂ ਬਾਅਦ ਆਪਣੇ ਬਹਾਈ ਧਰਮ ਦੇ ਅਤਿਆਚਾਰ ਤੋਂ ਬਚਣ ਲਈ ਕਿਸ਼ੋਰੀ ਸ਼ਰਨਾਰਥੀ ਵਜੋਂ ਕੈਨੇਡਾ ਭੱਜ ਗਈ ਸੀ। ਉਹਨਾਂ ਨੇ ਵਿਆਹ ਮਗਰੋਂ ਬਹਾਈ ਧਰਮ ਛੱਡ ਦਿੱਤਾ ਸੀ।