ਪੀਐਮ ਮੋਦੀ ਵੱਲੋਂ ਨੇਪਾਲ ‘ਚ RuPay ਦੀ ਸ਼ੁਰੂਆਤ, ਦੋਵਾਂ ਦੇਸ਼ਾਂ ਵਿਚਾਲੇ ਹੋਏ ਕਈ ਵੱਡੇ ਸਮਝੌਤੇ

by jaskamal

ਨਿਊਜ਼ ਡੈਸਕ : ਭਾਰਤ ਦੇ ਤਿੰਨ ਦਿਨਾ ਦੌਰੇ 'ਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪਹੁੰਚੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਸ਼ਨੀਵਾਰ ਨੂੰ ਹੈਦਰਾਬਾਦ ਹਾਊਸ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਮੌਜੂਦਗੀ 'ਚ ਭਾਰਤ ਤੇ ਨੇਪਾਲ ਦਰਮਿਆਨ ਸਹਿਮਤੀ ਪੱਤਰਾਂ 'ਤੇ ਦਸਤਖਤ ਕੀਤੇ ਗਏ ਤੇ ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਸਾਂਝੇ ਤੌਰ 'ਤੇ ਭਾਰਤ ਸਰਕਾਰ ਦੀ ਕ੍ਰੈਡਿਟ ਲਾਈਨ ਦੇ ਤਹਿਤ ਬਣੇ ਨੇਪਾਲ 'ਚ ਸੋਲੂ ਕੋਰੀਡੋਰ 132 ਕੇਵੀ ਪਾਵਰ ਟਰਾਂਸਮਿਸ਼ਨ ਲਾਈਨ ਤੇ ਸਬਸਟੇਸ਼ਨ ਦਾ ਉਦਘਾਟਨ ਕੀਤਾ। ਇਸ ਦੌਰਾਨ ਨੇਪਾਲ ਅਧਿਕਾਰਤ ਤੌਰ 'ਤੇ ਅੰਤਰਰਾਸ਼ਟਰੀ ਸੋਲਰ ਅਲਾਇੰਸ 'ਚ ਸ਼ਾਮਲ ਹੋ ਗਿਆ ਹੈ।

ਮੋਦੀ ਨੇ ਆਪਣੇ ਨੇਪਾਲੀ ਹਮਰੁਤਬਾ ਨਾਲ ਸਾਂਝੇ ਤੌਰ 'ਤੇ ਇਸ ਹਿਮਾਲੀਅਨ ਦੇਸ਼ 'ਚ ਭਾਰਤੀ ਭੁਗਤਾਨ ਸੇਵਾ ਪ੍ਰਣਾਲੀ RuPay ਦੀ ਸ਼ੁਰੂਆਤ ਕੀਤੀ ਤੇ ਜੈਨਗਰ (ਭਾਰਤ) ਤੋਂ ਕੁਰਥਾ (ਨੇਪਾਲ) ਦੇ ਵਿਚਕਾਰ ਸਰਹੱਦ ਪਾਰ ਯਾਤਰੀ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇਪਾਲ ਦੀ ਸ਼ਾਂਤੀ, ਖੁਸ਼ਹਾਲੀ ਤੇ ਵਿਕਾਸ ਦੀ ਯਾਤਰਾ 'ਚ ਹਮੇਸ਼ਾ ਮਜ਼ਬੂਤ ​​ਭਾਈਵਾਲ ਰਿਹਾ ਹੈ ਤੇ ਰਹੇਗਾ। ਮੋਦੀ ਨੇ ਕਿਹਾ, ਦੇਉਬਾ ਜੀ ਭਾਰਤ ਦੇ ਪੁਰਾਣੇ ਦੋਸਤ ਹਨ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨੇਪਾਲ ਤੋਂ ਬਿਜਲੀ ਦੇ ਆਯਾਤ ਲਈ ਕਈ ਹੋਰ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ।