ਮੋਦੀ ਸਰਕਾਰ ਨੂੰ ਪਤਾ ਹੀ ਨਹੀਂ ਕੀ ਭਾਰਤੀ ਕਬੱਡੀ ਟੀਮ ਪਾਕਿਸਤਾਨ ਪੋਹੁੰਚੀ ਹੋਈ

by mediateam

ਅੰਮ੍ਰਿਤਸਰ (Nri Media) : ਭਾਰਤੀ ਟੀਮ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਪਾਕਿਸਤਾਨ ਪਹੁੰਚ ਗਈ ਹੈ। ਸਰਕਾਰ ਨੂੰ ਇਸ ਦਾ ਪਤਾ ਮੀਡੀਆ ਵਿੱਚ ਖਬਰਾਂ ਆਉਣ ਮਗਰੋਂ ਲੱਗਾ। ਇਸ ਦੇ ਨਾਲ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਖੇਡ ਮੰਤਰਾਲੇ, ਵਿਦੇਸ਼ ਮੰਤਰਾਲੇ ਤੇ ਕੌਮੀ ਫੈਡਰੇਸ਼ਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਅਥਲੀਟ ਨੂੰ ਮੁਕਾਬਲੇ ਲਈ ਗੁਆਂਢੀ ਮੁਲਕ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਦੱਸ ਦਈਏ ਕਿ ਲਾਹੌਰ ਵਿੱਚ ਸਥਿਤ ਪੰਜਾਬ ਫੁਟਬਾਲ ਸਟੇਡੀਅਮ 'ਚ ਅੱਜ ਸ਼ੁਰੂ ਹੋਣ ਵਾਲੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਟੀਮ ਵਾਹਗਾ ਸਰਹੱਦ ਰਾਹੀਂ ਸ਼ਨਿਚਰਵਾਰ ਨੂੰ ਲਾਹੌਰ ਪਹੁੰਚੀ।

ਪਾਕਿਸਤਾਨ ਵੱਲੋਂ ਪਹਿਲੀ ਵਾਰ ਵਿਸ਼ਵ ਪੱਧਰੀ ਕਬੱਡੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਅੱਜ ਲਾਹੌਰ 'ਚ ਸ਼ੁਰੂ ਹੋਣ ਵਾਲੀ ਇਸ ਵਿਸ਼ਵ ਚੈਂਪੀਅਨਸ਼ਿਪ ਦੇ ਕੁਝ ਮੈਚ ਫੈਸਲਾਬਾਦ ਤੇ ਗੁਜਰਾਤ 'ਚ ਵੀ ਹੋਣਗੇ। ਭਾਰਤੀਆਂ ਦੇ ਲਾਹੌਰ ਪਹੁੰਚਣ ਦੀਆਂ ਤਸਵੀਰਾਂ ਤੇ ਫੁਟੇਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।

ਉਧਰ, ਭਾਰਤ ਦੇ ਖੇਡ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਕਿਸੇ ਅਥਲੀਟ ਨੂੰ ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਅਧਿਕਾਰੀਆਂ ਨੇ ਦੱਸਿਆ, ''ਖੇਡ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨੇ ਕਿਸੇ ਟੀਮ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜੋ ਕੌਮਾਂਤਰੀ ਪੱਧਰ ਦੇ ਮੁਕਾਬਲੇ 'ਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਲੋੜੀਂਦੀ ਹੁੰਦੀ ਹੈ।'' ਦੱਸ ਦਈਏ ਕਿ ਇਸੇ ਤਰ੍ਹਾਂ ਭਾਰਤੀ ਐਮਚਿਓਰ ਕਬੱਡੀ ਫੈਡਰੇਸ਼ਨ ਦੇ ਪ੍ਰਸ਼ਾਸਕ ਜਸਟਿਸ (ਸੇਵਾਮੁਕਤ) ਐਸਪੀ ਗਰਗ ਨੇ ਵੀ ਕਿਹਾ ਕਿ ਇਸ ਕੌਮੀ ਪੱਧਰੀ ਸੰਸਥਾ ਵੱਲੋਂ ਅਜਿਹੀ ਕਿਸੇ ਟੀਮ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਕੋਲੋਂ ਇਸ ਸਬੰਧੀ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੂੰ ਇਸ ਸਬੰਧੀ ਪਤਾ ਲੱਗਾ।