ਪੰਜਾਬ ਦਾ ਅਗਲਾ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ ਸੁਨੀਲ ਜਾਖੜ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਕਾਂਗਰਸ ਵਿਧਾਇਕ ਦਲ ਦੀ ਹਾਈ ਕਮਾਂਡ ਵੱਲੋਂ ਅੱਜ ਸ਼ਾਮ 5 ਵਜੇ ਬੁਲਾਈ ਗਈ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਨੂੰ ਲਾਂਭੇ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਐਲਾਨਿਆ ਜਾ ਸਕਦਾ ਹੈ। ਜਾਖੜ ਪੰਜਾਬ ਦੇ ਮਾਲਵਾ ’ਚ ਪੈਂਦੇ ਅਬੋਹਰ ਤੋਂ ਸੰਬੰਧ ਰੱਖਦੇ ਹਨ।

ਅਜੌਕੇ ਦੌਰ ਵਿਚ ਉਹ ਬਾਦਲਾਂ ਦੇ ਕੱਟੜ ਸਿਆਸੀ ਦੁਸ਼ਮਣ ਮੰਨੇ ਜਾਂਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਫਸਵਾਂ ਟੱਕਰ ਬਣ ਜਾਵੇਗੀ। ਹਾਲਾਂਕਿ ਜੇਕਰ ਕੋਈ ਹਾਰਿਆ ਵਿਧਾਇਕ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਤਾਂ ਛੇ ਮਹੀਨੀਆਂ ਦੇ ਅੰਦਰ ਅੰਦਰ ਉਸ ਨੂੰ ਚੋਣ ਲੜ ਕੇ ਵਿਧਾਇਕ ਬਣਨਾ ਲਾਜ਼ਮੀ ਹੁੰਦਾ ਹੈ। ਪਰ ਪੰਜਾਬ ਵਿਚ ਚੋਣਾਂ ਸਿਰ ’ਤੇ ਹਨ, ਇਸ ਲਈ ਅਜਿਹਾ ਤਾਂ ਨਹੀਂ ਹੋ ਸਕਦਾ ਪਰ ਚੋਣ ਜ਼ਾਬਤਾ ਲੱਗਣ ਤੱਕ ਜਾਖੜ ਨੂੰ ਮੁੱਖ ਮੰਤਰੀ ਅਹੁਦੇ ’ਤੇ ਬਿਠਾਇਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਕਾਂਗਰਸ ਪਾਰਟੀ ਸਿੱਖ ਚਿਹਰੇ ਤੋਂ ਬਾਅਦ ਹਿੰਦੂ ਚਿਹਰੇ ਨੂੰ ਅੱਗੇ ਲਿਆ ਕੇ ਪੰਜਾਬ ਦਾ ਹਿੰਦ ਵੋਟ ਬੈਂਕ ਵੀ ਕੈਸ਼ ਕਰਨਾ ਚਾਹੁੰਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜਾਖੜ ਪੰਜਾਬ ਦੇ ਪਹਿਲੇ ਹਿੰਦੂ ਮੁੱਖ ਮੰਤਰੀ ਅਖਵਾਏ ਜਾਣਗੇ।

ਦੂਜਾ ਨਾਮ ਕੈਪਟਨ ਖਿਲਾਫ਼ ਖੁੱਲ੍ਹੀ ਜੰਗ ਲੜਨ ਵਾਲੇ ਨਵਜੋਤ ਸਿੱਧੂ ਦਾ ਆ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਸਿੱਧੂ ਹੁਣ ਤਕ ਜੋ ਵੀ ਟੀਕਾ ਟਿੱਪਣੀਆਂ ਕਰ ਰਹੇ ਹਨ ਉਹ ਸਭ ਹਾਈਕਮਾਨ ਦੀ ਅੱਖ ਹੇਠਾਂ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਅਗਲੀ ਚੋਣ ਸਿੱਧੂ ਦੇ ਨਾਮ ’ਤੇ ਲੜਨਾ ਚਾਹੁੰਦੀ ਹੈ। ਇਸ ਲਈ ਨਵਜੋਤ ਸਿੰਘ ਸਿੱਧੂ ਵੀ ਸੀ. ਐੱਮ. ਉਮੀਦਵਾਰ ਦੀ ਦੌੜ ਵਿਚ ਮੋਹਰੀ ਹਨ।

ਇਸ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਇਸ ਰੇਸ ਵਿਚ ਸ਼ਾਮਲ ਹਨ। ਸੁਖਜਿੰਦਰ ਸਿੰਘ ਰੰਧਾਵਾ ਉਹ ਚਿਹਰਾ ਹੈ ਜਿਹੜੇ ਮੁੱਖ ਮੰਤਰੀ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਆਗੂਆਂ ਵਿਚ ਸਭ ਤੋਂ ਮੋਹਰੀ ਰਹੇ ਹਨ ਅਤੇ ਰੰਧਾਵਾ ਖੋਲ੍ਹੇ ਤੌਰ ’ਤੇ ਮੁੱਖ ਮੰਤਰੀ ਬਦਲੇ ਜਾਣ ਦੀ ਗੱਲ ਆਖ ਚੁੱਕੇ ਹਨ।

ਕਾਂਗਰਸ ਕਮੇਟੀ ਦੇ ਦਫਤਰ ਵਿਚ ਅੱਜ ਪੰਜ ਵਜੇ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ’ਚ ਸ਼ਮੂਲੀਅਤ ਲਈ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਕਮੇਟੀ ਦੇ ਦਫ਼ਤਰ ’ਚ ਪਹੁੰਚ ਚੁੱਕੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਧਾਇਕਾਂ ਦੀ ਇਕ ਸੂਚੀ ਵੀ ਪੰਜਾਬ ਕਾਂਗਰਸ ਦੇ ਦਫਤਰ ਵਿਚ ਪਹੁੰਚ ਚੁੱਕੀ ਹੈ ਅਤੇ ਕਿਆਸ ਲਗਾਏ ਜਾ ਰਹੇ ਹਨ, ਅੱਜ ਦੀ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੀ ਸਿਆਸਤ ’ਚ ਕੁੱਝ ਵੱਡਾ ਧਮਾਕਾ ਹੋ ਸਕਦਾ ਹੈ।

ਉਧਰ ਸੀ.ਐਲ.ਪੀ. ਮੀਟਿੰਗ ’ਤੇ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਕਿਹਾ ਹੈ ਕਿ ਪਾਰਟੀ ਦੀਆਂ ਕੁਝ ਅੰਦਰੂਨੀ ਨੀਤੀਆਂ ਹਨ ਅਤੇ ਇਸ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਬੁਲਾਈ ਗਈ ਹੈ। ਪਰਗਟ ਸਿੰਘ ਦਾ ਕਹਿਣਾ ਹੈ ਕਿ ਹਰ ਕਿਸੇ ਦਾ ਨਜ਼ਰੀਆ ਹੁੰਦਾ ਹੈ ਅਤੇ ਇਸ ਨੂੰ ਸੀ.ਐਲ.ਪੀ. ਮੀਟਿੰਗ ਵਿਚ ਸੁਣਿਆ ਜਾਣਾ ਚਾਹੀਦਾ ਹੈ।