ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਨਸ਼ਾ ਤਸਕਰੀ ਦੇ ਮਾਮਲੇ ’ਚ ਮੋਹਾਲੀ ਅਦਾਲਤ ਵਿਚ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 3 ਮਈ 2025 ਲਈ ਮੁਕੱਰਰ ਕਰ ਦਿੱਤੀ ਹੈ। ਇਸ ਦਿਨ ਮਜੀਠੀਆ ਦੇ ਵਕੀਲ ਅਦਾਲਤ ਅੱਗੇ ਇਹ ਪੇਸ਼ ਕਰਨਗੇ ਕਿ ਕਿਹੜੇ ਕਾਨੂੰਨੀ ਅਧਿਕਾਰ ਅਧੀਨ ਉਨ੍ਹਾਂ ਨੂੰ ਸਰਚ ਵਾਰੰਟ ਦੀ ਕਾਪੀ ਮਿਲਣੀ ਚਾਹੀਦੀ ਹੈ। ਦੂਜੇ ਪਾਸੇ, ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਵੱਲੋਂ ਸਰਚ ਵਾਰੰਟ ਦੀ ਕਾਪੀ ਸਾਂਝੀ ਕਰਨ ਦਾ ਵਿਰੋਧ ਕੀਤਾ ਗਿਆ ਹੈ। ਟੀਮ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਜੇ ਇਹ ਕਾਪੀ ਮਿਲ ਗਈ ਤਾਂ ਮਜੀਠੀਆ ਪੱਖੀ ਸਬੂਤਾਂ ਨੂੰ ਖ਼ਤਮ ਕਰ ਸਕਦੇ ਹਨ, ਜਿਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਜਾਂਚ ਤੋਂ ਪਹਿਲਾਂ ਜਾਂਚ ਥਾਵਾਂ ਦੀ ਜਾਣਕਾਰੀ ਜ਼ਾਹਿਰ ਨਹੀਂ ਕੀਤੀ ਜਾ ਸਕਦੀ।



