ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਬਾਹਰ ਧਰਨਾ ਲਗਾਉਣ ਵਾਲੇ ਤਿੰਨ ਆਗੂਆਂ ’ਤੇ ਪਾਰਟੀ ਦੀ ਵੱਡੀ ਕਾਰਵਾਈ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਲੋਟ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾ ਦੇਣ ਵਾਲੇ ਤਿੰਨ ਆਗੂਆਂ ’ਤੇ ਆਮ ਆਦਮੀ ਪਾਰਟੀ ਨੇ ਸਖ਼ਤ ਕਾਰਵਾਈ ਕੀਤੀ ਹੈ। ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਕੀਤੀ ਗਈ ਹੈ। ਬਰਖਾਸਤ ਕੀਤੇ ਆਗੂਆਂ ਵਿਚ ਬਲਾਕ ਪ੍ਰਧਾਨ ਰਾਜੀਵ ਉੱਪਲ, ਸਕੱਤਰ ਯੂਥ ਸਾਹਿਲ ਮੋਂਗਾ, ਸਕੱਤਰ ਯੂਥ ਗੁਰਮੇਲ ਸਿੰਘ ਸ਼ਾਮਲ ਹਨ।

ਪ੍ਰਦਰਸ਼ਨ ਕਰ ਰਹੇ ਇਨ੍ਹਾਂ ਵਰਕਰਾਂ ਨੇ ਸਿੱਧੇ ਤੌਰ ’ਤੇ ਦੋਸ਼ ਲਾਏ ਕਿ ਬੇਸ਼ੱਕ ਪੰਜਾਬ 'ਚ ਸਰਕਾਰ ‘ਆਪ’ ਦੀ ਹੈ ਅਤੇ ਮਲੋਟ ਤੋਂ ਵਿਧਾਇਕ ਵੀ ‘ਆਪ’ ਪਾਰਟੀ ਦੇ ਹੀ ਚੁਣੇ ਗਏ ਹਨ ਪਰ ਮਲੋਟ ’ਚ ਕੰਮ ਕਾਂਗਰਸੀ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਹੋ ਰਹੇ ਹਨ, ਜਦੋਂ ਕਿ ‘ਆਪ’ ਦੇ ਵਰਕਰਾਂ ਦੀ ਪੁੱਛ ਪੜਤਾਲ ਨਹੀਂ ਹੈ ।

ਉਕਤ ਦਾ ਕਹਿਣਾ ਸੀ ਜਿਹੜਾ ਸਿਸਟਮ ਪਹਿਲਾਂ ਸੀ, ਉਹੀ ਹੁਣ ਚੱਲ ਰਿਹਾ ਹੈ। ਪੰਜਾਬ ਨੂੰ ਲੁੱਟਣ ਦਾ ਕੰਮ, ਨਸ਼ੇ ਅਤੇ ਭ੍ਰਿਸ਼ਟਾਚਾਰ ਅਜੇ ਤਕ ਬੰਦ ਨਹੀਂ ਹੋਇਆ ਹੈ। ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਵਲੋਂ ਜਾਰੀ ਪੱਤਰ ਨੂੰ ਉਹ ਨਹੀਂ ਮੰਨਦੇ ਹਨ।