ਲੰਡਨ ਡੈਸਕ (ਵਿਕਰਮ ਸਹਿਜਪਾਲ) : ਬ੍ਰਿਟੇਨ 'ਚ 6 ਔਰਤਾਂ ਨਾਲ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 6 ਸਾਲ ਤੇ ਇਕ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟੇਨ ਪੁਲਸ ਨੇ ਇਸ ਵਿਅਕਤੀ ਨੂੰ 'ਧੋਖੇਬਾਜ਼ ਪ੍ਰੇਮੀ' ਨਾਂ ਦਿੱਤਾ ਹੈ। ਇਹ ਵਿਅਕਤੀ ਔਰਤਾਂ ਨਾਲ ਆਨਲਾਈਨ ਮਿਲਦਾ ਸੀ ਤੇ ਬਿਨਾਂ ਹੋਂਦ ਵਾਲੀਆਂ ਕੰਪਨੀਆਂ 'ਚ ਉਨ੍ਹਾਂ ਨੂੰ ਨਿਵੇਸ਼ ਦਾ ਲਾਲਚ ਦਿੰਦਾ ਸੀ। ਕਿੰਗਡਮ ਕ੍ਰਾਊਨ ਕੋਰਟ ਨੇ ਧੋਖਾਧੜੀ ਦੇ ਮਾਮਲੇ 'ਚ ਸਕਾਟਲੈਂਡ ਯਾਰਡ ਦੀ ਚਾਰ ਸਾਲ ਚੱਲੀ ਜਾਂਚ ਦੇ ਆਧਾਰ 'ਤੇ ਪੂਰਬੀ ਲੰਡਨ ਨਿਵਾਸੀ ਕੇਯੁਰ ਵਿਆਸ ਨੂੰ ਬੁੱਧਵਾਰ ਨੂੰ ਇਹ ਸਜ਼ਾ ਸੁਣਾਈ ਗਈ।
ਮੈਟ੍ਰੋਪਾਲੀਟਨ ਪੁਲਸ ਨੂੰ ਪਤਾ ਲੱਗਿਆ ਕਿ ਉਸ ਨੇ 6 ਵੱਖ-ਵੱਖ ਔਰਤਾਂ ਦੇ ਨਾਲ 8 ਲੱਖ ਪਾਊਂਡ ਦੀ ਠੱਗੀ ਕੀਤੀ ਸੀ। ਮੈਟ੍ਰੋਪਾਲੀਟਨ ਪੁਲਸ ਦੀ ਸੈਂਟ੍ਰਲ ਸਪੈਸ਼ਲਿਸਟ ਕਮਾਨ ਦੇ ਜਾਂਚਕਰਤਾ ਡਿਟੈਕਟਿਵ ਕਾਂਸਟੇਬਲ ਐਂਡੀ ਚੈਪਮੈਨ ਨੇ ਕਿਹਾ ਕਿ ਆਪਣੀਆਂ ਕਰਤੂਤਾਂ ਨੂੰ ਅੰਜਾਮ ਦੇਣ ਲਈ ਵਿਆਸ ਜਾਂਚੀ-ਪਰਖੀ ਤਕਨੀਕ ਅਜ਼ਮਾਉਂਦਾ ਸੀ। ਉਹ ਪਹਿਲਾਂ ਉਨ੍ਹਾਂ ਔਰਤਾਂ ਦਾ ਭਰੋਸਾ ਜਿੱਤਦਾ ਤੇ ਫਿਰ ਉਨ੍ਹਾਂ ਦੇ ਇਸੇ ਭਰੋਸੇ ਦਾ ਫਾਇਦਾ ਚੁੱਕ ਕੇ ਬਿਨਾਂ ਹੋਂਦ ਵਾਲੀਆਂ ਕੰਪਨੀਆਂ 'ਚ ਨਿਵੇਸ਼ ਕਰਨ ਲਈ ਕਹਿੰਦਾ।
