ਚੰਡੀਗੜ (ਇੰਦਰਜੀਤ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਦੀ ਜਾਂਚ ਪ੍ਰਣਾਲੀ 'ਤੇ ਸਵਾਲ ਕਰਦੇ ਹੋਏ ਇਕ ਜਾਂਚ ਅਧਿਕਾਰੀ ਦੇ ਖ਼ਿਲਾਫ਼ ਐੱਸਆਈਟੀ ਬਣਾਉਣ ਦੇ ਹੁਕਮ ਦਿੱਤੇ ਹਨ। ਅਜੈ ਮਰਡਰ ਕੇਸ 'ਚ ਸੀਸੀਟੀਵੀ ਦੀ ਮੰਗ ਦੇ ਬਾਵਯੂਦ ਜਾਂਚ ਅਧਿਕਾਰੀ ਦੁਆਰਾ ਸੁਰੱਖਿਆਤ ਨਾ ਕਰਨ 'ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਯੂਟੀ ਪੁਲਿਸ ਨੂੰ ਬੁਰੀ ਤਰ੍ਹਾਂ ਕੋਸਿਆ। ਹਾਈ ਕੋਰਟ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਜਾਂਚ ਦਾ ਅਹਿਮ ਹਿੱਸਾ ਹੈ, ਇਸ ਨੂੰ ਜਾਂਚ ਅਧਿਕਾਰੀ ਕਿਸ ਤਰ੍ਹਾਂ ਭੁੱਲ ਸਕਦੇ ਹਾਂ।
ਹਾਈ ਕੋਰਟ ਨੇ ਹੁਣ ਜਾਂਚ ਅਧਿਕਾਰੀ ਦੇ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ।ਮੰਗਲਵਾਰ ਨੂੰ ਮ੍ਰਿਤਕ ਦੇ ਪਿਤਾ ਤੇ ਮੁਲਜ਼ਮ ਦੋਵਾਂ ਦੀਆਂ ਪਟੀਸ਼ਨਾਂ ਸੁਣਵਾਈ ਲਈ ਪਹੁੰਚੀਆਂ ਹਨ। ਮ੍ਰਿਤਕ ਦੇ ਪਿਤਾ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਕਤਲ 'ਚ ਦੋ ਪੁਲਿਸ ਅਧਿਕਾਰੀ ਵੀ ਸ਼ਮਲ ਸਨ। ਪਟੀਸ਼ਨਕਰਤਾ ਨੇ ਕਿਹਾ ਕਿ ਯੂਟੀ ਪੁਲਿਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੀ ਅਤੇ ਅਜਿਹੇ ਮਾਮਲੇ 'ਚ ਜਾਂਚ ਸੀਬੀਆਈ ਨੂੰ ਸੌਂਪੀ ਜਾਣੀ ਚਾਹੀਦੀ ਹੈ। ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਗਠਿਤ ਕਰਨ ਦੇ ਹੁਕਮ ਦਿੱਤੇ ਹਨ, ਜੋ ਕਿ ਨਾਨ ਯੂਟੀ ਚੰਡੀਗੜ੍ਹ ਕੇਡਰ ਦੇ ਆਈਪੀਐੱਸ ਅਧਿਕਾਰੀਆਂ ਦੀ ਹੋਵੇਗੀ।



