ਬ੍ਰਿਟੇਨ ਦੇ ਸ਼ਾਹੀ ਮਹਿਲ ਨਜ਼ਦੀਕ ਗ਼ੋਲੀਬਾਰੀ, ਪੁਲਿਸ ਨੇ ਬੰਦੂਕ ਲੈ ਕੇ ਆਏ ਹਮਲਾਵਰ ਨੂੰ ਕੀਤਾ ਢੇਰ

by jaskamal

ਨਿਊਜ਼ ਡੈਸਕ (ਜਸਕਮਲ) : ਬ੍ਰਿਟੇਨ ਦੀ ਪੁਲਸ ਨੇ ਕਿਹਾ ਕਿ ਲੰਡਨ 'ਚ ਸ਼ਾਹੀ ਨਿਵਾਸ ਕੇਨਸਿੰਗਟਨ ਪੈਲੇਸ ਨੇੜੇ ਪੁਲਸ ਨਾਲ ਮੁਕਾਬਲੇ 'ਚ ਸ਼ਨਿਚਰਵਾਰ ਨੂੰ ਇਕ ਵਿਅਕਤੀ ਮਾਰਿਆ ਗਿਆ। ਮੈਟਰੋਪੋਲੀਟਨ ਪੁਲਿਸ ਫੋਰਸ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੰਦੂਕ ਲੈ ਕੇ ਇਕ ਵਿਅਕਤੀ ਪੱਛਮੀ ਲੰਡਨ ਦੇ ਕੇਨਸਿੰਗਟਨ ਖੇਤਰ 'ਚ ਇਕ ਬੈਂਕ ਅਤੇ ਇਕ ਦੁਕਾਨ 'ਚ ਦਾਖਲ ਹੋਇਆ ਹੈ। ਉਕਤ ਵਿਅਕਤੀ ਗੱਡੀ 'ਚ ਬੈਠ ਕੇ ਫਰਾਰ ਹੋ ਗਿਆ ਸੀ, ਜਿਸ ਨੂੰ ਆਸ-ਪਾਸ ਦੇ ਪੁਲਸ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਜਗ੍ਹਾ 'ਤੇ ਕਈ ਦੂਤਾਵਾਸ ਸਨ ਤੇ ਨਾਲ ਹੀ ਪ੍ਰਿੰਸ ਵਿਲੀਅਮ, ਉਸ ਦੀ ਪਤਨੀ ਕੇਟ ਤੇ ਤਿੰਨ ਬੱਚਿਆਂ ਦੀਆਂ ਸਰਕਾਰੀ ਰਿਹਾਇਸ਼ਾਂ ਹਨ।

ਉਕਤ ਸਥਾਨ 'ਤੇ ਸ਼ਾਹੀ ਪਰਿਵਾਰ ਦੇ ਕਈ ਮੈਂਬਰਾਂ ਦੀਆਂ ਰਿਹਾਇਸ਼ਾਂ ਵੀ ਹਨ। ਪੁਲਿਸ ਨੇ ਦੱਸਿਆ ਕਿ ਵਿਅਕਤੀ ਨੂੰ ਰੋਕਣ ਲਈ ਗੋਲੀਆਂ ਚਲਾਈਆਂ ਗਈਆਂ, ਜਿਸ 'ਚ ਉਹ ਮਾਰਿਆ ਗਿਆ। ਪੁਲਿਸ ਨੇ ਕਿਹਾ ਕਿ ਇਹ ਕੋਈ ਅੱਤਵਾਦ ਦੀ ਘਟਨਾ ਨਹੀਂ ਜਾਪਦੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਉਸਨੇ ਪੁਲਿਸ ਨੂੰ ਇਕ ਕਾਲੇ ਰੰਗ ਦੀ ਮਰਸਡੀਜ਼ 'ਤੇ ਗੋਲੀਬਾਰੀ ਕਰਦੇ ਹੋਏ ਦੇਖਿਆ। ਪੁਲਿਸ ਨੇ ਦੱਸਿਆ ਕਿ ਫਿਲਹਾਲ ਇਸ ਘਟਨਾ ਕਾਰਨ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਕਰਨ ਤੋਂ ਪਹਿਲਾਂ ਹਥਿਆਰਬੰਦ ਅਧਿਕਾਰੀਆਂ ਨੇ ਕਰੀਬ 15 ਮਿੰਟ ਬਾਅਦ ਕੇਨਸਿੰਗਟਨ ਰੋਡ ਅਤੇ ਪੈਲੇਸ ਗੇਟ ਦੇ ਜੰਕਸ਼ਨ 'ਤੇ ਵਾਹਨ ਨੂੰ ਰੋਕਿਆ।

ਲੰਡਨ ਐਂਬੂਲੈਂਸ ਸੇਵਾ ਤੇ ਲੰਡਨ ਏਅਰ ਐਂਬੂਲੈਂਸ ਨੂੰ ਘਟਨਾ ਸਥਾਨ 'ਤੇ ਬੁਲਾਇਆ ਗਿਆ, ਪਰ ਸ਼ਾਮ 4:08 ਵਜੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਅਧਿਕਾਰੀ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੋਲੀਬਾਰੀ ਦੀ ਜਾਂਚ ਸੁਤੰਤਰ ਦਫਤਰ ਫਾਰ ਪੁਲਿਸ ਕੰਡਕਟ (IOPC) ਨੂੰ ਸੌਂਪ ਦਿੱਤੀ ਗਈ ਹੈ, ਜਿਸ ਨੇ ਪੁਸ਼ਟੀ ਕੀਤੀ ਹੈ ਕਿ ਜਾਂਚ ਸ਼ੁਰੂ ਹੋ ਗਈ ਹੈ।