ਸ਼ੁਰੂ ਹੋਈ ਭਾਰਤ ਤੇ ਅਮਰੀਕਾ ਵਿਚਾਲੇ ਦੂਜੀ 2+2 ਵਾਰਤਾ

by mediateam

ਵਾਸ਼ਿੰਗਟਨ ਡੈਸਕ (Vikram Sehajpal) : ਵਿਦੇਸ਼ ਵਿਭਾਗ ਦੇ ਫੌਗੀ ਬਾਟਮ ਹੈਡਕੁਆਰਟਰ ਵਿਚ ਬੁੱਧਵਾਰ ਨੂੰ ਭਾਰਤ ਅਤੇ ਅਮਰੀਕਾ ਵਿਚਾਲੇ ਦੂਜੀ ਟੂ-ਪਲੱਸ-ਟੂ ਵਾਰਤਾ ਸ਼ੁਰੂ ਹੋ ਗਈ। ਇਸ ਵਾਰਤਾ ਵਿਚ ਦੋਹਾਂ ਦੇਸ਼ਾਂ ਦੇ ਦੋ ਪੱਖੀ, ਖੇਤਰੀ ਅਤੇ ਸੰਸਾਰਕ ਮੁੱਦਿਆਂ 'ਤੇ ਚਰਚਾ ਕਰਨ ਦੀ ਸੰਭਾਵਨਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਨਾਲ ਰੱਖਿਆ ਮੰਤਰੀ ਮਾਰਕ ਐਸਪਰ ਨੇ ਦੋਹਾਂ ਦੇਸ਼ਾਂ ਵਿਚਾਲੇ ਉਚ ਪੱਧਰੀ ਵਾਰਤਾ ਲਈ ਭਾਰਤ ਦੇ ਆਪਣੇ ਹਮਅਹੁਦੇਦਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੇਜ਼ਬਾਨੀ ਕੀਤੀ।

ਦੱਸ ਦਈਏ ਕਿ ਚਾਰੋ ਨੇਤਾ ਮੀਟਿੰਗ ਲਈ ਆਪਣੇ-ਆਪਣੇ ਚੋਟੀ ਦੇ ਅਧਿਕਾਰੀਆਂ ਦੇ ਨਾਲ ਮੌਜੂਦ ਹਨ ਅਤੇ ਇਸ ਦੌਰਾਨ ਦੋਹਾਂ ਧਿਰਾਂ ਦੇ ਦੋ ਪੱਖੀ, ਖੇਤਰੀ ਅਤੇ ਸੰਸਾਰਕ ਮੁੱਦਿਆਂ ਦੇ ਵੱਖ-ਵੱਖ ਡਾਈਮੈਂਸ਼ਨ 'ਤੇ ਚਰਚਾ ਕਰਨ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸਿੰਘ ਅਤੇ ਜੈਸ਼ੰਕਰ ਨੇ ਆਪਣੇ ਅਮਰੀਕੀ ਹਮਅਹੁਦੇਦਾਰਾਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। 

ਰੱਖਿਆ ਮੰਤਰੀ ਵਜੋਂ ਅਮਰੀਕਾ ਦੀ ਆਪਣੀ ਪਹਿਲੀ ਯਾਤਰਾ 'ਤੇ ਆਏ ਸਿੰਘ ਨੂੰ ਪੈਂਟਾਗਨ ਦੇ ਰਿਵਰ ਸਾਈਡ ਐਂਟਰੀ ਗੇਟ 'ਤੇ ਸਲਾਮੀ ਦਿੱਤੀ ਗਈ। ਸਿੰਘ ਅਤੇ ਐਸਪਰ ਨੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਗੁਆਂਢੀ ਦੇਸ਼ਾਂ ਅਤੇ ਹਿੰਦ-ਪ੍ਰਸ਼ਾਂਤ ਖੇਤਰ ਸਣੇ ਲਗਾਤਾਰ ਹਿਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ।