ਸ਼ੀਆ ਭਾਈਚਾਰੇ ਨੇ ਅਫ਼ਗ਼ਾਨ ‘ਚ ਤਾਲਿਬਾਨ ਸਰਕਾਰ ‘ਚ ਹਿੱਸੇਦਾਰੀ ਮੰਗੀ

by vikramsehajpal

ਕਾਬੁਲ (ਦੇਵ ਇੰਦਰਜੀਤ) : ਅਫਗਾਨਿਸਤਾਨ ’ਚ ਤਾਲਿਬਾਨ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੇ ਹਨ ਅਤੇ ਇਸ ਲਈ ਮੰਤਰੀਆਂ ਦੇ ਨਾਂ ਫਾਈਨਲ ਕੀਤੇ ਜਾ ਰਹੇ ਹਨ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਤਾਲਿਬਾਨ ਲੀਡਰਸ਼ਿਪ ਨੇ ਕੁਝ ਅੰਤਰਿਮ ਮੰਤਰੀ ਨਿਯੁਕਤ ਕਰ ਦਿੱਤੇ ਹਨ। ਇਸ ਵਿਚਾਲੇ ਅਫਗਾਨਿਸਤਾਨ ਦੇ ਵੱਡੇ ਘੱਟਗਿਣਤੀ ਸ਼ੀਆ ਭਾਈਚਾਰੇ ਨੇ ਸਰਕਾਰ ’ਚ ਆਪਣੀ ਭਾਈਵਾਲੀ ਦੀ ਮੰਗ ਕੀਤੀ ਹੈ।

ਸ਼ੀਆ ਉਲੇਮਾ ਕੌਂਸਲ ਨੇ ਤਾਲਿਬਾਨ ਨੂੰ ਇਹ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ ਕਿ ਉਹ ਸਾਰੇ ਧਰਮਾਂ ਅਤੇ ਜਾਤੀਆਂ ਨਾਲ ਬਰਾਬਰਤਾ ਅਤੇ ਨਿਆਂ ਨਾਲ ਵਤੀਰਾ ਕਰਨਗੇ। ਕੌਂਸਲ ਨੇ ਕਿਹਾ ਕਿ ਅਗਲੀ ਸਰਕਾਰ ਨੂੰ ਸਾਰੇ ਧਰਮਾਂ ਅਤੇ ਜਾਤੀਆਂ ਦੀ ਭਾਈਵਾਲੀ ਯਕੀਨੀ ਬਣਾਉਣੀ ਚਾਹੀਦੀ ਹੈ।

ਕਾਬੁਲ ’ਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੌਲਵੀਆਂ ਨੇ ਤਾਲਿਬਾਨ ਤੋਂ ਔਰਤਾਂ ਅਤੇ ਘੱਟਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। ਸ਼ੀਆ ਮੌਲਵੀ ਅਯਾਤੁੱਲਾ ਸਾਲੇਹੀ ਨੇ ਕਿਹਾ, “ਸ਼ੀਆ ਲੋਕ ਕਦੇ ਵੀ ਹਿੰਸਾ ਅਤੇ ਯੁੱਧ ਦਾ ਸਮਰਥਨ ਨਹੀਂ ਕਰਦੇ, ਉਹ ਸਾਰੇ ਸ਼ਾਂਤੀ ਦਾ ਸਮਰਥਨ ਕਰਦੇ ਹਨ।” ਮੌਲਵੀਆਂ ਨੇ 18 ਨੁਕਾਤੀ ਐਲਾਨ ਪੱਤਰ ਵੀ ਜਾਰੀ ਕੀਤਾ।

ਮੌਲਵੀ ਸਈਅਦ ਹੁਸੈਨ ਅਲੀਮੀ ਬਾਲਖੀ ਨੇ ਕਿਹਾ, ‘‘ਇਹ ਐਲਾਨ ਪੱਤਰ ਅਫਗਾਨਿਸਤਾਨ ਸ਼ੀਆ ਉਲੇਮਾ ਕੌਂਸਲ ਦੇ ਕਾਰਜਕਾਰੀ ਢਾਂਚੇ ਨੂੰ ਸਪੱਸ਼ਟ ਕਰਦਾ ਹੈ।’’ ਕਾਨਫਰੰਸ ਵਿੱਚ ਕੁਝ ਹੋਰ ਭਾਈਵਾਲਾਂ ਨੇ ਤਾਲਿਬਾਨ ਤੋਂ ਪਿਛਲੇ 20 ਸਾਲਾਂ ’ਚ ਦੇਸ਼ ਵੱਲੋਂ ਪ੍ਰਾਪਤ ਹੋਏ ਲਾਭਾਂ ਦੀ ਰੱਖਿਆ ’ਚ ਸਹਾਇਤਾ ਕਰਨ ਦੀ ਬੇਨਤੀ ਕੀਤੀ ਤਾਂ ਕਿ ਸਾਰੇ ਜਾਤੀ ਸਮੂਹ ਸਰਕਾਰੀ ਅਦਾਰਿਆਂ ’ਚ ਬਰਾਬਰ ਕੰਮ ਕਰ ਸਕਣ।

ਇੱਕ ਹੋਰ ਮੌਲਵੀ ਅਲੀ ਅਹਿਮਦੀ ਨੇ ਕਿਹਾ, ‘‘ਅਫਗਾਨਿਸਤਾਨ ’ਚ ਹਰ ਕੋਈ ਸੁਰੱਖਿਆ ਚਾਹੁੰਦਾ ਹੈ, ਉਹ ਸ਼ਾਂਤੀ ਅਤੇ ਇੱਕ ਸਮਾਵੇਸ਼ੀ ਸਰਕਾਰ ਬਣਾਉਣਾ ਚਾਹੁੰਦੇ ਹਨ।’’ ਅਫਗਾਨਿਸਤਾਨ ’ਚ ਹਜ਼ਾਰਾ ਭਾਈਚਾਰਾ ਸ਼ੀਆ ਹਨ, ਜਿਨ੍ਹਾਂ ਦੇ ਈਰਾਨ ਨਾਲ ਡੂੰਘੇ ਸੰਬੰਧ ਹਨ। ਅਫਗਾਨਿਸਤਾਨ ’ਚ ਲੱਗਭਗ 38-40 ਲੱਖ ਹਜ਼ਾਰ ਲੋਕਾਂ ਦੇ ਰਹਿਣ ਦਾ ਅਨੁਮਾਨ ਹੈ।

ਇਹ ਉਨ੍ਹਾਂ ਨੂੰ ਅਫਗਾਨਿਸਤਾਨ ਦੀ 3.8 ਕਰੋੜ ਆਬਾਦੀ ਦਾ ਲੱਗਭਗ 10-12 ਫੀਸਦੀ ਬਣਾਉਂਦਾ ਹੈ। 2003 ’ਚ ਅਪਣਾਏ ਗਏ ਅਫਗਾਨਿਸਤਾਨ ਦੇ ਨਵੇਂ ਸੰਵਿਧਾਨ ਦੇ ਤਹਿਤ 2001 ’ਚ ਅਮਰੀਕੀ ਲੀਡਰਸ਼ਿਪ ਵਾਲੀਆਂ ਫੌਜਾਂ ਤਾਲਿਬਾਨ ਨੂੰ ਸੱਤਾ ਤੋਂ ਖਦੇੜਨ ਤੋਂ ਬਾਅਦ ਹਜ਼ਾਰਾ ਭਾਈਚਾਰੇ ਨੂੰ ਦੇਸ਼ ਦੇ ਹੋਰ ਭਾਈਚਾਰਿਆਂ ਨਾਲ ਸਮਾਨਤਾ ਦਿੱਤੀ ਗਈ ਸੀ।

ਇਸ ਤੋਂ ਪਹਿਲਾਂ 1998 ’ਚ ਮਜ਼ਾਰ-ਏ-ਸ਼ਰੀਫ ’ਚ ਤਾਲਿਬਾਨ ਵੱਲੋਂ ਕਈ ਹਜ਼ਾਰਾ ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ 2000 ਅਤੇ 2001 ’ਚ ਅਫਗਾਨਿਸਤਾਨ ਦੇ ਮੱਧ ਬਾਮਿਆਨ ਸੂਬੇ ’ਚ ਮਾਰਿਆ ਗਿਆ ਸੀ।। ਆਈ. ਐੱਸ .ਆਈ. ਐੱਸ. ਨੇ ਹਾਲ ਹੀ ਦੇ ਸਾਲਾਂ ’ਚ ਹਜ਼ਾਰਾ ਭਾਈਚਾਰੇ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਕੁਝ ਦਿਨ ਪਹਿਲਾਂ ਤਾਲਿਬਾਨ ਨੇ ਬਾਮਿਆਨ ’ਚ ਹਜ਼ਾਰਾ ਦੇ ਸਿਆਸੀ ਨੇਤਾ ਅਬਦੁਲ ਅਲੀ ਮਜ਼ਾਰੀ ਦੇ ਬੁੱਤ ਨੂੰ ਉਡਾ ਦਿੱਤਾ ਸੀ। ਦੱਸ ਦੇਈਏ ਕਿ ਜੇ ਤਾਲਿਬਾਨ ਹਜ਼ਾਰਾ ਭਾਈਚਾਰੇ ਨੂੰ ਸਤਾਉਣਾ ਜਾਰੀ ਰੱਖਦਾ ਹੈ ਤਾਂ ਇਹ ਈਰਾਨ ਅਤੇ ਕਾਬੁਲ ਦੇ ਨਾਲ ਵਿਵਾਦ ਦਾ ਇੱਕ ਮੁੱਖ ਬਿੰਦੂ ਬਣ ਸਕਦਾ ਹੈ।