ਸ਼੍ਰੋਮਣੀ ਕਮੇਟੀ ਨੇ ਟਵਿੱਟਰ ਨੂੰ ਭੇਜਿਆ ਕਨੂੰਨੀ ਨੋਟਿਸ, ਜਾਣੋਂ ਮਾਮਲਾ

by jaskamal

 ਪੱਤਰ ਪ੍ਰੇਰਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਵਿਰੁੱਧ ਸਿੱਖ ਸੰਸਥਾ ਦੇ ਇੱਕ ਫਰਜੀ ਟਵਿਟਰ ਅਕਾਊਂਟ ਨੂੰ ਲੈ ਕੇ ਕਾਰਵਾਈ ਆਰੰਭ ਕਰਦਿਆਂ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਸ਼੍ਰੋਮਣੀ ਕਮੇਟੀ ਦੀ 20 ਨਵੰਬਰ 2023 ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੇ ਫੈਸਲੇ ਅਨੁਸਾਰ ਸੰਸਥਾ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵੱਲੋਂ ਭੇਜਿਆ ਗਿਆ ਹੈ।

ਐਡਵੋਕੇਟ ਸਿਆਲੀ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ਟਵਿਟਰ ਜਿਹੇ ਸੋਸ਼ਲ ਮੀਡੀਆ ਮੰਚਾਂ ਵੱਲੋਂ ਪੈਰੋਡੀ ਖਾਤਿਆਂ ਦੀ ਨੀਤੀ ਹੇਠ ਕਿਸੇ ਵੀ ਧਰਮ ਜਾਂ ਧਾਰਮਿਕ ਸੰਸਥਾ ਵਿਰੁੱਧ ਨਫ਼ਰਤੀ ਪ੍ਰਚਾਰ ਫੈਲਾਉਣਾ ਅਤੇ ਇਸ ਨੂੰ ਹੱਲਾਸ਼ੇਰੀ ਦੇਣੀ ਭਾਰਤੀ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਵਿਸ਼ਵਾਸ ਨੂੰ ਸੱਟ ਮਾਰਨ ਲਈ ਕੀਤਾ ਜਾ ਰਿਹਾ ਹੈ। ਇਸ ਹਰਕਤ ਨਾਲ ਸਮਾਜ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਵੀ ਖਤਰਾ ਪੈਦਾ ਹੋ ਰਿਹਾ ਹੈ, ਲਿਹਾਜ਼ਾ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ, ਨਹੀਂ ਤਾਂ ਸ਼੍ਰੋਮਣੀ ਕਮੇਟੀ ਹਰ ਪੱਧਰ ’ਤੇ ਕਾਨੂੰਨੀ ਕਾਰਵਾਈ ਅੱਗੇ ਵਧਾਉਣ ਤੋਂ ਪਿੱਛੇ ਨਹੀਂ ਹਟੇਗੀ।

ਭੇਜੇ ਗਏ ਇਸ ਨੋਟਿਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਿੱਖਾਂ ਦੀ ਸੰਵਿਧਾਨਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਾਹਲੀ/ਪੈਰੋਡੀ ਐਕਸ ਖਾਤਾ ਸਾਹਮਣੇ ਆਉਣ ’ਤੇ ਮਾਮਲਾ ਇਸ ਸੋਸ਼ਲ ਮੀਡੀਆ ਪਲੇਟਫਾਰਮ ਪਾਸ ਉਠਾਇਆ ਗਿਆ ਸੀ, ਪਰੰਤੂ ਲਿਖਾਪੜ੍ਹੀ ਦੌਰਾਨ ਉਨ੍ਹਾਂ ਨੇ ਇਸ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੁੜ ਲਿਖਣ ’ਤੇ ਐਕਸ/ਟਵਿੱਟਰ ਨੇ ਪੈਰੋਡੀ ਖਾਤੇ ਨੂੰ ਆਪਣੀ ਨੀਤੀ ਦਾ ਹਿੱਸਾ ਦੱਸਿਆ ਸੀ, ਜਿਸ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੰਤ੍ਰਿੰਗ ਕਮੇਟੀ ਨੇ ਕਾਨੂੰਨੀ ਕਾਰਵਾਈ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।