ਭੈਣਾਂ ਨੇ ਸਿਹਰਾ ਸਜਾ ਕੇ ਭਰਾ ਨੂੰ ਕੀਤਾ ਵਿਦਾ, ਹਰ ਅੱਖ ਹੋਈ ਨਮ

by jaskamal

ਪੱਤਰ ਪ੍ਰੇਰਕ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਬਾਰੂਦੀ ਸੁਰੰਗ ਦੇ ਧਮਾਕੇ ਕਾਰਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਲੌਦ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਵਾਸੀ ਅਜੈ ਸਿੰਘ (23) ਸ਼ਹੀਦ ਹੋ ਗਿਆ ਸੀ। ਅਗਨੀਵੀਰ ਦੀ ਮ੍ਰਿਤਕ ਦੇਹ ਅੱਜ ਪਿੰਡ ਪੁੱਜੀ, ਜਿੱਥੇ ਉਸ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਜਦੋਂ ਪਿਤਾ ਨੇ ਆਪਣੇ ਪੁੱਤਰ ਦੀ ਚਿਖਾ ਨੂੰ ਅਗਨ ਭੇਟ ਕੀਤਾ ਤਾਂ ਭੈਣਾਂ ਨੇ ਇਕਲੌਤੇ ਭਰਾ ਦੇ ਸਿਰ 'ਤੇ ਸਿਹਰਾ ਸਜਾਇਆ।

ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਭਾਰੀ ਭੀੜ ਇਕੱਠੀ ਹੋਈ। ਇਸ ਗਮਗੀਮ ਮਾਹੌਲ ਵਿੱਚ ਹਰ ਅੱਖ ਨਮ ਹੋਈ। ਮਾਂ ਰੋਂਦੀ-ਰੋਂਦੀ, ਇੱਕ ਹੀ ਸ਼ਬਦ ਕਹਿ ਰਹੀ ਸੀ ਕਿ ਕੋਈ ਮੇਰਾ ਪੁੱਤਰ ਵਾਪਸ ਕਰ ਦੇਵੇ। ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਡੀਸੀ ਲੁਧਿਆਣਾ ਸੁਰਭੀ ਮਲਿਕ, ਐਸਐਸਪੀ ਖੰਨਾ ਅਮਨੀਤ ਕੌਂਡਲ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਕਈ ਫ਼ੌਜੀ ਅਧਿਕਾਰੀ ਤੇ ਸਿਆਸੀ ਆਗੂ ਪੁੱਜੇ। ਇਸ ਮੌਕੇ ਸ਼ਹੀਦ ਦੇ ਪਿੰਡ ਤੋਂ ਇਲਾਵਾ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕ ਵੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਹਾਜ਼ਰ ਸਨ।