ਲੁਧਿਆਣਾ : ਪਿੰਡ ਖਡੂਰ 'ਚ ਸਾਬਕਾ ਫ਼ੌਜੀ ਨੇ ਪਤਨੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ਨਿਚਰਵਾਰ ਸਵੇਰੇ ਦੋਵਾਂ ਵਿਚਕਾਰ ਮਾਮੂਲੀ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਗੁੱਸੇ 'ਚ ਫ਼ੌਜੀ ਨੇ ਉਸ ਨੂੰ ਗੋਲ਼ੀਆਂ ਮਾਰ ਦਿੱਤੀਆਂ ਤੇ ਫ਼ਰਾਰ ਹੋ ਗਿਆ। ਥਾਣਾ ਜੋਧਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜਾਣਕਾਰੀ ਮੁਤਾਬਿਕ ਪਿੰਡ ਖਡੂਰ ਦਾ ਸਾਬਕਾ ਫ਼ੌਜੀ ਸੁਖਦੇਵ ਸਿੰਘ ਦਇਆ ਨੰਦ ਮੈਡੀਕਲ ਕਾਲਜ 'ਚ ਸਕਿਊਰਟੀ ਗਾਰਡ ਹੈ। ਉਸ ਦੇ ਦੋ ਬੇਟੇ ਹਨ ਤੇ ਦੋਵੇਂ ਸ਼ਾਦੀਸ਼ੁਦਾ ਹਨ। ਸੁਖਦੇਵ ਸਿੰਘ ਦੇ ਛੋਟੇ ਬੇਟੇ ਦੀ ਪਤਨੀ ਮੁਤਾਬਿਕ ਸਵੇਰੇ ਨੌਂ ਵਜੇ ਉਸ ਦਾ ਸਹੁਰਾ ਕੰਮ 'ਤੇ ਕੀਤੇ ਜਾਣ ਲਈ ਤਿਆਰ ਹੋ ਰਿਹਾ ਸੀ ਤੇ ਨਾਲ ਹੀ ਚਾਹ ਵੀ ਪੀ ਰਿਹਾ ਸੀ। ਉਦੋਂ ਸੱਸ ਤੇ ਸਹੁਰੇ 'ਚ ਕਿਸੇ ਗੱਲ਼ ਨੂੰ ਲੈ ਕੇ ਤਕਰਾਰ ਹੋ ਗਈ।
ਸੁਖਦੇਵ ਸਿੰਘ ਨੇ ਕੋਲ ਹੀ ਪਈ ਆਪਣੀ ਲਾਈਸੈਂਸੀ ਪਿਸਤੌਲ ਤੋਂ ਤਿੰਨ ਫਾਇਰ ਦਿੱਤੇ ਜੋ ਸੱਸ ਗੁਰਮੀਤ ਕੌਰ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਲੱਗੇ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਜੋਧਾਂ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਆਪਣੇ ਕਬਜ਼ੇ 'ਚ ਲੈ ਲਿਆ ਹੈ। ਥਾਣਾ ਜੋਧਾਂ ਇੰਚਾਰਜ ਇੰਸਪੈਕਟਰ ਇੰਦਰਪਾਲ ਸਿੰਘ ਮੁਤਾਬਿਕ ਅਜੇ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਮੁਲਜ਼ਮ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


