ਤਾਲਿਬਾਨੀ ਆਉਣ ਅਤੇ ਸਾਨੂੰ ਮਾਰ ਦੇਣ : ਮੇਅਰ ਜਰੀਫਾ ਗਫਾਰੀ

by vikramsehajpal

ਕਾਬੁਲ (ਦੇਵ ਇੰਦਰਜੀਤ) : ਅਫਗਾਨਿਸਤਾਨ ਵਿਚ ਤਾਲਿਬਾਨੀ ਰਾਜ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਹੀ ਵੱਖ-ਵੱਖ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਅਫਗਾਨਿਸਤਾਨ ਦੀ ਪਹਿਲੀ ਅਤੇ ਸਭ ਤੋਂ ਯੁਵਾ ਮਹਿਲਾ ਮੇਅਰ ਜਰੀਫਾ ਗਫਾਰੀ ਨੇ ਤਾਲਿਬਾਨੀ ਸ਼ਾਸਨ ਦੀ ਸ਼ੁਰੂਆਤ ਦੇ ਬਾਅਦ ਉਥੋਂ ਦੇ ਹਾਲਾਤ ਨੂੰ ਬਿਆਨ ਕੀਤਾ ਹੈ। ਜਰੀਫਾ ਗਫਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ, ਅਸੀਂ ਬੱਸ ਇੰਤਜ਼ਾਰ ਕਰ ਰਹੇ ਹਾਂ ਕਿ ਤਾਲਿਬਾਨੀ ਸਾਨੂੰ ਆਕੇ ਮਾਰਨਗੇ।

ਜਰੀਫਾ ਗਫਾਰੀ ਨੇ ਕਿਹਾ, ‘ਮੈਂ ਇੱਥੇ ਬੈਠੀ ਹਾਂ ਅਤੇ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹਾਂ। ਕੋਈ ਵੀ ਮੇਰੀ ਜਾਂ ਮੇਰੇ ਪਰਿਵਾਰ ਦੀ ਮਦਦ ਕਰਨ ਲਈ ਇੱੱਥੇ ਨਹੀਂ ਹੈ। ਮੈਂ ਸਿਰਫ਼ ਆਪਣੇ ਪਤੀ ਅਤੇ ਪਰਿਵਾਰ ਨਾਲ ਹਾਂ। ਉਹ ਲੋਕ ਸਾਡੇ ਵਰਗੇ ਲੋਕਾਂ ਲਈ ਆਉਣਗੇ ਅਤੇ ਮਾਰ ਦੇਣਗੇ।’ ਅਸ਼ਰਫ ਗਨੀ ਸਮੇਤ ਸਰਕਾਰ ਦੇ ਸਾਰੇ ਵੱਡੇ ਨੇਤਾ ਦੇਸ਼ ਤੋਂ ਬਾਹਰ ਚਲੇ ਗਏ, ਜਿਸ ’ਤੇ 27 ਸਾਲ ਦੀ ਜਰੀਫਾ ਦਾ ਕਹਿਣਾ ਹੈ ਕਿ ਆਖ਼ਿਰ ਉਹ ਕਿੱਥੇ ਜਾਣ? ਅਜੇ ਕੁੱਝ ਦਿਨ ਪਹਿਲਾਂ ਹੀ ਜਰੀਫਾ ਗਫਾਰੀ ਨੇ ਇਕ ਅੰਤਰਰਾਸ਼ਟਰੀ ਮੀਡੀਆ ਸੰਸਥਾ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੇ ਉਮੀਦ ਜਤਾਈ ਸੀ ਕਿ ਅਫਗਾਨਿਸਤਾਨ ਦਾ ਭਵਿੱਖ ਬਿਹਤਰ ਹੋਵੇਗਾ ਪਰ ਐਤਵਾਰ ਨੂੰ ਇਹ ਸੁਫ਼ਨਾ ਟੁੱਟ ਗਿਆ ਅਤੇ ਹੁਣ ਦੇਸ਼ ਤਾਲਿਬਾਨ ਦੇ ਹੱਥ ਵਿਚ ਹੈ।

ਜਰੀਫਾ ਗਫਾਰੀ ਸਾਲ 2018 ਵਿਚ ਅਫਗਾਨਿਸਤਾਨ ਦੀ ਪਹਿਲੀ ਅਤੇ ਸਭ ਤੋਂ ਯੁਵਾ ਮੇਅਰ ਬਣੀ ਸੀ। ਉਨ੍ਹਾਂ ਨੂੰ ਕਈ ਵਾਰ ਤਾਲਿਬਾਨ ਵੱਲੋਂ ਧਮਕੀ ਦਿੱਤੀ ਗਈ ਸੀ। ਜਰੀਫਾ ਦੇ ਪਿਤਾ ਜਨਰਲ ਅਬਦੁਲ ਵਾਸੀ ਗਫਾਰੀ ਨੂੰ ਤਾਲਿਬਾਨ ਨੇ ਪਿਛਲੇ ਸਾਲ ਮਾਰ ਦਿੱਤਾ ਸੀ। ਜਰੀਫਾ ਲਗਾਤਾਰ ਅਫਗਾਨੀ ਫ਼ੌਜੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਵਿਚ ਜੁਟੀ ਹੋਈ ਹੈ।