ਫਿਰੋਜ਼ਪੁਰ : ਬੀਤੇ ਕਈ ਸਾਲਾਂ ਤੋਂ ਗਰਮੀਆਂ ਦੀਆਂ ਛੁੱਟੀਆਂ ਜਾਂ ਚੋਣਾਂ ਦੇ ਮੌਸਮ ਵਿਚ ਡੀਆਰਐੱਮ ਦਫ਼ਤਰ ਰੇਲਵੇ ਨੂੰ ਮਿਲਣ ਵਾਲੀ ਅੱਤਵਾਦੀ ਜਥੇਬੰਦੀ ਦੀ ਚਿੱਠੀ ਇਕ ਵਾਰੀ ਫਿਰ ਚਰਚਾ ਵਿਚ ਹੈ। ਸਾਦੇ ਕਾਗਜ਼ 'ਤੇ ਟੁੱਟੀ-ਫੁੱਟੀ ਹਿੰਦੀ ਭਾਸ਼ਾ ਵਿਚ ਲਿਖੀ ਇਸ ਚਿੱਠੀ ਰਾਹੀਂ ਇਕ ਵਾਰੀ ਫਿਰ ਇਸ ਕਥਿਤ ਜਥੇਬੰਦੀ ਵੱਲੋਂ ਫਿਰੋਜ਼ਪੁਰ ਸਮੇਤ ਕਈ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ ਰੇਲਵੇ ਅਧਿਕਾਰੀਆਂ ਨੂੰ ਵੀ ਇਸ ਚਿੱਠੀ ਦੀ ਹਕੀਕਤ ਪਤਾ ਲੱਗ ਚੁੱਕੀ ਹੈ ਪਰ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਾ ਲੈਂਦਿਆਂ ਸਟੇਸ਼ਨਾਂ 'ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ।
ਸਟੇਸ਼ਨਾਂ 'ਤੇ ਆਉਣ ਵਾਲੇ ਹਰ ਯਾਤਰੀ ਅਤੇ ਗੱਡੀਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ। ਇਸ ਕੰਮ ਲਈ ਰੇਲਵੇ ਪੁਲਿਸ ਵੱਲੋਂ ਸਥਾਨਕ ਪੁਲਿਸ ਦਾ ਵੀ ਸਾਥ ਲਿਆ ਜਾ ਰਿਹਾ ਹੈ। ਡੀਆਰਐੱਮ ਦਫ਼ਤਰ ਫਿਰੋਜ਼ਪੁਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਸਬੰਧੀ ਜੈਸ਼-ਏ-ਮੁਹੰਮਦ ਦੀ ਚਿੱਠੀ ਮਿਲੀ ਹੈ।
.png)
ਚਿੱਠੀ 'ਚ ਫ਼ਿਰੋਜ਼ਪੁਰ, ਫ਼ਰੀਦਕੋਟ, ਅੰਮ੍ਰਿਤਸਰ ਆਦਿ ਸਟੇਸ਼ਨ ਉਡਾਉਣ ਦੀ ਧਮਕੀ ਦਿੱਤੀ ਗਈ ਹੈ।ਇਸ ਤੋਂ ਇਲਾਵਾ ਗੁਆਂਢੀ ਸੂਬੇ ਰਾਜਸਥਾਨ ਦੇ ਕਈ ਸਟੇਸ਼ਨ ਉਡਾਉਣ ਦੀ ਵੀ ਧਮਕੀ ਦਿੱਤੀ ਗਈ ਹੈ। ਇਸ ਚਿੱਠੀ 'ਚ ਹੋਰ ਕਈ ਥਾਈਂ ਹਮਲੇ ਕਰਨ ਦੀ ਧਮਕੀ ਦਿੱਤੀ ਗਈ ਹੈ।ਇਸ ਸਬੰਧੀ ਜਦੋ ਡੀਆਰਐੱਮ ਦਫ਼ਤਰ ਤੋਂ ਪਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਜਿਹੀ ਲਿਖਾਈ ਵਿਚ ਕਈ ਵਾਰੀ ਚਿੱਠੀ ਆਈ ਹੈ ਪਰ ਰੇਲਵੇ ਵੱਲੋਂ ਕੋਈ ਰਿਸਕ ਨਹੀਂ ਲਿਆ ਜਾ ਰਿਹਾ ਹੈ। ਇਸ ਸਬੰਧੀ ਸਾਰੇ ਸਟੇਸ਼ਨਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਟੁੱਟੀ-ਫੁੱਟੀ ਇਬਾਰਤ 'ਚ ਸਾਦੇ ਕਾਗਜ਼ 'ਤੇ ਲਿਖੀ ਇਸ ਚਿੱਠੀ ਸਬੰਧੀ ਸੁਰੱਖਿਆ ਮਾਹਿਰ ਜਿੱਥੇ ਇਸ ਨੂੰ ਕਿਸੇ ਸਿਰਫਿਰੇ ਦਾ ਕੰਮ ਦੱਸ ਰਹੇ ਹਨ ਉੱਥੇ ਅੱਤਵਾਦੀ ਤਨਜ਼ੀਮ ਜੈਸ਼ 'ਤੇ ਤੰਜ਼ ਕਰਦਿਆਂ ਉਸ ਦੇ ਤੰਗੀ 'ਚੋਂ ਗੁਜ਼ਰਨ ਦੀ ਗੱਲ ਆਖ ਰਹੇ ਹਨ। ਸੁਰੱਖਿਆ ਮਾਹਿਰ ਹੈਰਾਨ ਹਨ ਕਿ ਇੰਨੇ ਸਾਲਾਂ ਬਾਅਦ ਵੀ ਖ਼ੁਫ਼ੀਆ ਏਜੰਸੀਆਂ ਚਿੱਠੀ ਲਿਖਣ ਵਾਲੇ ਦੀ ਪੈੜ ਨਹੀਂ ਨੱਪ ਸਕੀਆਂ।



