ਫਿਲਪੀਨਜ਼ ਦੇ ਸਮਰਥਨ ‘ਚ ਉਤਰਿਆ ਅਮਰੀਕਾ,ਚੀਨ ਨੂੰ ਦੱਖਣੀ ਚੀਨ ਸਾਗਰ ਖਾਲੀ ਕਰਨ ਨੂੰ ਕਿਹਾ

by vikramsehajpal

ਅਮਰੀਕਾ,(ਦੇਵ ਇੰਦਰਜੀਤ) :ਫਿਲਪੀਨਜ਼ ਦੇ ਸਮਰਥਨ ਵਿਚ ਉਤਰੇ ਅਮਰੀਕਾ ਨੇ ਕਿਹਾ ਕਿ ਉਹ ਇਸ ਦੇਸ਼ ਦੇ ਨਾਲ ਖੜ੍ਹਾ ਹੈ। ਦਰਅਸਲ, ਇਹ ਤਣਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਫਿਲਪੀਨਜ਼ ਨੇ ਰੀਫ ਖੇਤਰ ਤੋਂ ਚੀਨੀ ਕਿਸ਼ਤੀਆਂ ਨੂੰ ਨਿਕਲਣ ਲਈ ਕਿਹਾ ਤਾਂ ਇਸ 'ਤੇ ਕਿਹਾ ਗਿਆ ਕਿ ਉਹ ਚੀਨ ਦਾ ਖੇਤਰ ਹੈ।ਦੱਖਣੀ ਚੀਨ ਸਾਗਰ ਖੇਤਰ ਵਿਚ ਚੀਨ ਅਤੇ ਫਿਲਪੀਨਜ਼ ਵਿਚਕਾਰ ਇਕ ਰੀਫ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ।

ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਸਥਿਤ ਅਮਰੀਕੀ ਦੂਤਘਰ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਅਸੀਂ ਫਿਲਪੀਨਜ਼ ਨਾਲ ਖੜ੍ਹੇ ਹਾਂ। ਇਹ ਦੇਸ਼ ਏਸ਼ੀਆ ਵਿਚ ਸਾਡਾ ਸਭ ਤੋਂ ਪੁਰਾਣਾ ਭਾਈਵਾਲ ਹੈ। ਇਸ ਤੋਂ ਪਹਿਲੇ ਫਿਲਪੀਨਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੂਲੀਅਨ ਫੇਲਿਪ ਨਾਮਕ ਰੀਫ ਸਾਡੇ ਜਲ ਖੇਤਰ ਵਿਚ ਆਉਂਦਾ ਹੈ। ਇਸ ਨੂੰ ਅੰਤਰਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਰਾਪਤ ਹੈ।

ਫਿਲਪੀਨਜ਼ ਦੇ ਕੋਸਟ ਗਾਰਡਜ਼ ਨੇ ਸੱਤ ਮਾਰਚ ਨੂੰ ਕਰੀਬ 220 ਚੀਨੀ ਕਿਸ਼ਤੀਆਂ ਨੂੰ ਰੀਫ ਨੇੜੇ ਦੇਖਿਆ ਸੀ। ਫਿਲਪੀਨਜ਼ ਦੀ ਫ਼ੌਜ ਨੇ ਚੀਨੀ ਕਿਸ਼ਤੀਆਂ ਦੀਆਂ ਹਵਾਈ ਤਸਵੀਰਾਂ ਜਾਰੀ ਕੀਤੀਆਂ ਹਨ। ਫ਼ੌਜ ਨੇ ਦੱਸਿਆ ਕਿ ਇਕ ਨਿਗਰਾਨੀ ਜਹਾਜ਼ ਤੋਂ ਸੋਮਵਾਰ ਨੂੰ ਤਸਵੀਰਾਂ ਲਈਆਂ ਗਈਆਂ ਸਨ। ਰੀਫ ਕੋਲ ਹੁਣ ਵੀ 193 ਕਿਸ਼ਤੀਆਂ ਮੌਜੂਦ ਹਨ। ਇਸ ਸਬੰਧ ਵਿਚ ਫਿਲਪੀਨਜ਼ ਨੇ ਚੀਨ ਦੇ ਸਾਹਮਣੇ ਵਿਰੋਧ ਦਰਜ ਕਰਾਇਆ ਹੈ। ਉਧਰ, ਚੀਨੀ ਦੂਤਘਰ ਨੇ ਰੀਫ ਨੂੰ ਆਪਣਾ ਦੱਸਿਆ ਅਤੇ ਕਿਹਾ ਕਿ ਚੀਨੀ ਕਿਸ਼ਤੀਆਂ ਆਪਣੇ ਜਲ ਖੇਤਰ ਵਿਚ ਹਨ।