ਅਮਰੀਕਾ ਨੇ ਭਾਰਤ ਨੂੰ 150 ਤੋਂ ਵੱਧ ਪੁਰਾਤਨ ਚੀਜ਼ਾਂ ਵਾਪਸ ਕੀਤੀਆਂ

by vikramsehajpal

ਦਿੱਲੀ (ਦੇਵ ਇੰਦਰਜੀਤ) : ਭਾਰਤ ਸਰਕਾਰ ਨੇ 150 ਤੋਂ ਵੱਧ ਪ੍ਰਾਚੀਨ ਕਲਾਕ੍ਰਿਤੀਆਂ ਵਾਪਸ ਕਰਨ ’ਚ ‘ਸ਼ਾਨਦਾਰ ਸਮਰਥਨ’ ਲਈ ਨਿਊਯਾਰਕ ਜ਼ਿਲ੍ਹਾ ਅਟਾਰਨੀ ਦਫਤਰ ਦਾ ਧੰਨਵਾਦ ਕੀਤਾ ਤੇ ਬੇਸ਼ਕੀਮਤੀ ਪ੍ਰਾਚੀਨ ਕਲਾਕ੍ਰਿਤੀਆਂ ਦੀ ਵਾਪਸੀ ਜ਼ਰੀਏ ਭਾਰਤ-ਅਮਰੀਕਾ ਦੇ ਲੋਕਾਂ ਵਿਚਾਲੇ ਸਬੰਧਾਂ ਤੇ ਸੱਭਿਆਚਾਰਕ ਸਮਝ ਨੂੰ ਵਧਾਉਣ ਲਈ ਇਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕਾ ਨੇ ਭਾਰਤ ਨੂੰ 157 ਕਲਾਕ੍ਰਿਤੀਆਂ ਅਤੇ ਪੁਰਾਤਨ ਚੀਜ਼ਾਂ ਭਾਰਤ ਨੂੰ ਸੌਂਪੀਆਂ, ਜਿਨ੍ਹਾਂ ਨੂੰ ਮੋਦੀ ਵਾਪਸ ਭਾਰਤ ਲੈ ਆਏ। ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡੇਨ ਦੋਵਾਂ ਨੇ ਚੋਰੀ, ਗੈਰ-ਕਾਨੂੰਨੀ ਵਪਾਰ ਅਤੇ ਸੱਭਿਆਚਾਰਕ ਵਸਤਾਂ ਦੀ ਤਸਕਰੀ ਨਾਲ ਨਜਿੱਠਣ ਦੇ ਯਤਨਾਂ ਨੂੰ ਮਜ਼ਬੂਤ ​​ਕਰਨ ਦੀ ਵਚਨਬੱਚਤਾ ਪ੍ਰਗਟ ਕੀਤੀ।

ਲੱਗਭਗ ਅੱਧੀਆਂ ਕਲਾਕ੍ਰਿਤੀਆਂ (71) ਸੱਭਿਆਚਾਰਕ ਹਨ, ਜਦਕਿ ਬਾਕੀ ਅੱਧੀਆਂ ਹਿੰਦੂ ਧਰਮ (60), ਬੁੱਧ ਧਰਮ (16) ਅਤੇ ਜੈਨ ਧਰਮ (9) ਨਾਲ ਸਬੰਧਤ ਛੋਟੀਆਂ ਮੂਰਤੀਆਂ ਹਨ। ਭਾਰਤ ਨੂੰ ਪ੍ਰਾਚੀਨ ਕਲਾਕ੍ਰਿਤੀਆਂ ਤੇ ਵਸਤੂਆਂ ਸੌਂਪਣ ਲਈ ਮੋਦੀ ਨੇ ਅਮਰੀਕਾ ਦੀ ਸ਼ਲਾਘਾ ਕੀਤੀ। ਭਾਰਤ ਦੇ ਕੌਂਸਲੇਟ ਜਨਰਲ ਨੇ ਐਤਵਾਰ ਟਵੀਟ ਕੀਤਾ।

‘‘ਭਾਰਤ ਸਰਕਾਰ ਨੇ ਨਿਊਯਾਰਕ ਦੇ ਜ਼ਿਲ੍ਹਾ ਅਟਾਰਨੀ ਦਫਤਰ ਅਤੇ ਉਨ੍ਹਾਂ ਦੀ ਟੀਮ ਦਾ ਭਾਰਤ ’ਚ ਪ੍ਰਾਚੀਨ ਚੀਜ਼ਾਂ ਨੂੰ ਵਾਪਸ ਕਰਨ ’ਚ ਸ਼ਾਨਦਾਰ ਸਮਰਥਨ ਲਈ ਧੰਨਵਾਦ।’’ ਇਨ੍ਹਾਂ 157 ਪ੍ਰਾਚੀਨ ਵਸਤੂਆਂ ’ਚ 12ਵੀਂ ਸਦੀ ਦੀ ਨਟਰਾਜ ਦੀ ਕਾਂਸੀ ਦੀ ਮੂਰਤੀ ਵੀ ਸ਼ਾਮਲ ਹੈ।