ਵੈਨਕੂਵਰ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਵਾਧਿਆਂ ਕਰਕੇ ਬਰਾਮਦ ਨੂੰ ਲੱਗੇ ਖੋਰੇ ਦੇ ਬਾਵਜੂਦ ਕੈਨੇਡਿਆਈ ਡਾਲਰ ਵਾਧੇ ਪੈ ਗਿਆ ਹੈ। ਦੇਸ਼ ਵਿਚ ਲਿਬਰਲ ਪਾਰਟੀ ਦੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਵਲੋਂ ਸੱਤਾ ਸੰਭਾਲਣ ਮੌਕੇ ਕੈਨੇਡਿਆਈ ਡਾਲਰ 60 ਰੁਪਏ ਅਤੇ ਅਮਰੀਕਾ ਦੇ 67 ਸੈਂਟਾਂ ਦੇ ਬਰਾਬਰ ਸੀ। ਪਰ ਕੈਨੇਡਿਆਈ ਪ੍ਰਧਾਨ ਮੰਤਰੀ ਵੱਲੋਂ ਟੈਰਿਫ ਔਕੜਾਂ ਦਾ ਮੁਕਾਬਲਾ ਕਰਦਿਆਂ ਅਪਣਾਈਆਂ ਖਰਚੇ ਘਟਾਊ ਵਿੱਤੀ ਨੀਤੀਆਂ ਅਤੇ ਕੁਝ ਦੇਸ਼ਾਂ ਨਾਲ ਵਿਗੜੇ ਸਬੰਧਾਂ ਨੂੰ ਸੁਧਾਰਨ ਦੇ ਯਤਨਾਂ ਨੇ ਜਿੱਥੇ ਕੌਮਾਂਤਰੀ ਮੰਡੀ ਵਿੱਚ ਕੈਨੇਡਾ ਦਾ ਭਰੋਸਾ ਮਜ਼ਬੂਤ ਕੀਤਾ, ਉੱਥੇ ਘਰੇਲੂ ਉਤਪਾਦਨ ਦੀ ਦੇਸ਼ ਵਿੱਚ ਖਪਤ ਨੂੰ ਸੁਖਦ ਭਵਿੱਖ ਵਜੋ ਵੇਖਿਆ ਜਾਣਾ ਲੱਗਾ ਹੈ।
ਅਰਥਸ਼ਾਸਤਰੀ ਨੂੰ ਉਮੀਦ ਹੈ ਕਿ ਡਾਲਰ ਦੀ ਮਜ਼ਬੂਤੀ ਬਣੀ ਰਹਿਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਮਜ਼ਬੂਤੀ ਨੂੰ ਭਵਿੱਖ ਦੇ ਚੰਗੇ ਸੰਕੇਤ ਵਜੋਂ ਵੇਖਿਆ ਜਾਣ ਲੱਗਾ ਹੈ। ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਡਾਲਰ ਦਾ ਅਮਰੀਕਨ 67 ਸੈਂਟਾਂ ਦੇ ਹੇਠਲੇ ਪੱਧਰ ਤੋਂ ਉਭਰ ਕੇ 72.5 ਸੈਂਟ ਤੱਕ ਪਹੁੰਚਣਾ ਚੰਗੇ ਭਵਿੱਖ ਦਾ ਵੱਡਾ ਸੰਕੇਤ ਹੈ।
ਕੌਮਾਂਤਰੀ ਪੱਧਰ ’ਤੇ ਵੇਖਿਆ ਜਾਏ ਤਾਂ ਲੰਘੇ ਦੋ ਮਹੀਨਿਆਂ ਵਿੱਚ ਅਮਰੀਕੀ ਡਾਲਰ ਤਾਂ ਸਵਾ ਦੋ ਫੀਸਦ ਵਾਧੇ ਨਾਲ 88.5 ਤੋਂ ਟੱਪ ਕੇ 90.5 ਤੱਕ ਪਹੁੰਚ ਗਿਆ, ਜਦ ਕਿ ਕੈਨੇਡੀਅਨ ਡਾਲਰ ਨੇ ਕਰੀਬ 10 ਫੀਸਦ ਮਜ਼ਬੂਤੀ ਫੜੀ ਹੈ। ਕੁਝ ਲੋਕ ਅਗਲੇ ਦਿਨਾਂ ਵਿੱਚ ਹੋਰ ਮਜ਼ਬੂਤੀ ਦੀ ਉਮੀਦ ਲਾਈ ਬੈਠੇ ਹਨ, ਪਰ ਕੁਝ ਹੋਰਨਾਂ ਦੀ ਦਲੀਲ ਹੈ ਕਿ ਇਸ ਦਾ ਪਤਾ ਲਾਉਣ ਲਈ ਕੁਝ ਮਹੀਨੇ ਉਡੀਕ ਕਰਨੀ ਪਏਗੀ।

