ਆਉਣ ਵਾਲੇ ਦਿਨਾਂ ਚ’ ਤਾਪਮਾਨ ਵਿਚ ਹੋਵੇਗੀ ਗਿਰਾਵਟ

by nripost

ਲੁਧਿਆਣਾ (ਹਰਮੀਤ) :ਪੰਜਾਬ ’ਚ ਅੱਤ ਦੀ ਗਰਮੀ ਦੇ ਕਾਰਨ ਲੋਕ ਬੇਹਾਲ ਹੋਏ ਪਏ ਹਨ। ਮੌਸਮ ਵਿਭਾਗ ਨੇ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਚੱਲਦੇ ਲੋਕਾਂ ਨੂੰ 12 ਤੋਂ ਲੈ ਕੇ 3 ਵਜੇ ਤੱਕ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ ਹੁਣ ਕੁਝ ਰਾਹਤ ਦੀ ਖਬਰ ਮਿਲਦੀ ਹੋਈ ਦਿਖਾਈ ਦੇ ਰਹੀ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ’ਚ ਕਈ ਥਾਂਈ 18 ਤੋਂ 22 ਜੂਨ ਤੱਕ ਤੇਜ਼ ਹਵਾਵਾਂ ਚੱਲਣ ਅਤੇ ਬਰਸਾਤ ਹੋਣ ਦੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਮਾਹਿਰ ਡਾਕਟਰ ਕੇਕੇ ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਮਾਹਿਰ ਡਾਕਟਰ ਕੇਕੇ ਗਿੱਲ ਨੇ ਦੱਸਿਆ ਹੈ ਕਿ ਤਾਪਮਾਨ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਆਮ ਤਾਪਮਾਨ ਤੋਂ 5-6 ਡਿਗਰੀ ਵੱਧ ਤਾਪਮਾਨ ਚੱਲ ਰਿਹਾ ਹੈ। ਬੀਤੇ ਦਿਨ ਲੁਧਿਆਣਾ ਵਿੱਚ 44 ਅਤੇ ਬਠਿੰਡਾ ਵਿੱਚ ਕਰੀਬ 47 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਪੰਜਾਬ ਭਰ ’ਚ ਲੂ ਚੱਲ ਰਹੀ ਹੈ ਅਤੇ ਇਸ ਵਿਚਾਲੇ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਲਈ ਆਰੈਂਜ ਤੇ ਯੈਲੋ ਅਲਰਟ ਪੂਰੇ ਪੰਜਾਬ ਭਰ ਵਿੱਚ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 18 ਤੋਂ 22 ਜੂਨ ਦੌਰਾਨ ਕਈ ਥਾਂਈ ਧੂੜ ਭਰੀਆਂ ਤੇਜ਼ ਹਵਾਵਾਂ, ਹਨੇਰੀਆਂ ਚੱਲਣ ਅਤੇ ਛਿੱਟੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਤਾਬਿਕ 21 ਤੇ 22 ਜੂਨ ਨੂੰ ਤਾਪਮਾਨ ਵਿੱਚ ਥੋੜੀ ਗਿਰਾਵਟ ਆਉਣ ਨਾਲ ਲੂ ਵਾਲੀ ਗਰਮੀ ਤੋਂ ਰਾਹਤ ਜਰੂਰ ਮਿਲ ਸਕਦੀ ਹੈ। ਹਾਲਾਂਕਿ ਜ਼ਿਆਦਾ ਬਰਸਾਤ ਪੈਣ ਦੀ ਸੰਭਾਵਨਾ ਨਹੀਂ ਹੈ।