ਮਹਾਰਾਸ਼ਟਰ ‘ਚ PPE ਕਿੱਟ ਪਾ ਕੇ ਫਾਈਨਾਂਸ ਬੈਂਕ ‘ਚ ਦਾਖਲ ਹੋਏ ਚੋਰ, 5 ਕਰੋੜ ਦੇ ਗਹਿਣੇ ਚੋਰੀ

by jagjeetkaur

ਮੁੰਬਈ: ਪੀਪੀਈ ਸੂਟ ਪਹਿਨੇ ਚੋਰਾਂ ਨੇ ਨਾਸਿਕ ਵਿੱਚ ਬੈਂਕ ਸੁਰੱਖਿਆ ਦੀ ਉਲੰਘਣਾ ਕੀਤੀ ਹੈ। ਆਈਸੀਆਈਸੀਆਈ ਹੋਮ ਫਾਈਨਾਂਸ ਕੰਪਨੀ ਦੇ ਦਫ਼ਤਰ ਵਿੱਚੋਂ ਚੋਰਾਂ ਨੇ 5 ਕਰੋੜ ਰੁਪਏ ਦੇ ਗਹਿਣੇ ਲੁੱਟ ਲਏ।

ਜਾਣਕਾਰੀ ਮੁਤਾਬਕ ਇਹ ਚੋਰੀ ਗੰਗਾਪੁਰ ਰੋਡ ਇਲਾਕੇ 'ਚ ਹੋਈ ਹੈ। ਇੱਕ ਵਿਅਸਤ ਇਲਾਕੇ ਵਿੱਚੋਂ ਚੋਰਾਂ ਨੇ ਬੜੀ ਚਲਾਕੀ ਨਾਲ ਗਹਿਣੇ ਚੋਰੀ ਕਰਨ ਤੋਂ ਬਾਅਦ ਹੁਣ ਪੁਲਿਸ ਤੋਂ ਕਈ ਸਵਾਲ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਚੋਰੀ 222 ਖਾਤਾਧਾਰਕਾਂ ਦੇ ਤਾਲੇ ਤੋੜ ਕੇ ਕੀਤੀ ਗਈ। ਇਹ ਘਟਨਾ 4 ਮਈ ਨੂੰ ਬੈਂਕ ਦੇ ਕੰਮਕਾਜ ਬੰਦ ਹੋਣ ਤੋਂ ਬਾਅਦ ਸਾਹਮਣੇ ਆਈ ਜਦੋਂ ਗਾਹਕਾਂ ਵੱਲੋਂ ਗਹਿਣੇ ਰੱਖਿਆ ਗਿਆ ਸੋਨਾ ਲਾਕਰ ਵਿੱਚ ਜਮ੍ਹਾ ਕਰਵਾਉਣ ਗਏ ਕਰਮਚਾਰੀਆਂ ਨੂੰ ਉੱਥੇ ਪਹਿਲਾਂ ਤੋਂ ਰੱਖਿਆ ਸੋਨਾ ਨਹੀਂ ਮਿਲਿਆ।

ਇਸ ਤੋਂ ਬਾਅਦ ਜਦੋਂ ਮੈਨੇਜਰ ਨੇ ਲਾਕਰ ਵਿੱਚ ਰੱਖੇ ਸੋਨੇ ਦੇ ਵੇਰਵੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਲਾਕਰ ਵਿੱਚੋਂ 4 ਕਰੋੜ 92 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸਨ। ਸੀਸੀਟੀਵੀ ਫੁਟੇਜ ਵਿੱਚ ਸਿਰਫ਼ ਉਨ੍ਹਾਂ ਦੇ ਚਿਹਰੇ ਹੀ ਨਜ਼ਰ ਆ ਰਹੇ ਹਨ, ਇਸ ਲਈ ਇਸ ਚੋਰੀ ਦਾ ਪਰਦਾਫਾਸ਼ ਕਰਨਾ ਪੁਲੀਸ ਲਈ ਵੱਡੀ ਚੁਣੌਤੀ ਹੈ। ਮੰਨਿਆ ਜਾ ਰਿਹਾ ਹੈ ਕਿ ਚੋਰੀ ਕਰਨ ਤੋਂ ਬਾਅਦ ਚੋਰ ਬੈਂਕ ਦੀ ਪਿਛਲੀ ਖਿੜਕੀ ਰਾਹੀਂ ਫਰਾਰ ਹੋ ਗਏ, ਜਦੋਂ ਕਿ ਸੁਰੱਖਿਆ ਗਾਰਡ ਸਾਹਮਣੇ ਦਰਵਾਜ਼ੇ 'ਤੇ ਮੌਜੂਦ ਸੀ। ਬੈਂਕ ਬੰਦ ਹੋਣ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

ਇਸ ਮਾਮਲੇ ਵਿੱਚ ਥਾਣਾ ਮੁਖੀ ਇੰਸਪੈਕਟਰ ਸੁਰੇਸ਼ ਅਵਧ ਨੇ ਦੱਸਿਆ ਕਿ ਪੁਲੀਸ ਨੇ ਚੋਰੀ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਇਸ ਚੋਰੀ ਵਿੱਚ ਕੰਪਨੀ ਦੇ ਸਾਬਕਾ ਕਰਮਚਾਰੀ ਸ਼ਾਮਲ ਹੋ ਸਕਦੇ ਹਨ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।