ਵੈਨਕੂਵਰ (ਪਾਇਲ): ਓਂਟਾਰੀਓ ਪੁਲਿਸ ਨੇ ਇੱਕ ਜੋੜੇ ਨੂੰ ਗ੍ਰਿਫਤਾਰ ਕਰਦਿਆਂ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜੇ ਚੋਂ ਵੱਡੀ ਮਾਤਰਾ ਵਿੱਚ ਕੀਮਤੀ ਗਹਿਣੇ ਬਰਾਮਦ ਕੀਤੇ ਹਨ, ਜੋ ਉਨ੍ਹਾਂ ਨੇ ਟਰਾਂਟੋ, ਨਿਆਗਰਾ, ਹਮਿਲਟਲ ਤੇ ਮਾਲਟਨ ਖੇਤਰ ਦੇ ਵਿੱਚ ਕਬਰਾਂ ਖੋਦ ਕੇ ਖੋਦ ਲਾਸ਼ਾਂ ਤੋਂ ਲਾਹੇ ਸਨ।
ਹਾਲਟਨ ਦੇ ਪੁਲਿਸ ਬੁਲਾਰੇ ਨੇ ਦੱਸਿਆ ਕਿ ਮੁਲਜਮ ਜਿੰਨਾਂ ਦੀ ਪਛਾਣ ਜੌਹਨ ਰਚ (45) ਅਤੇ ਜੌਰਡਨ ਨੋਬਲ (31) ਵਜੋਂ ਕੀਤੀ ਗਈ ਹੈ, ਦੀ ਕੋਈ ਪੱਕੀ ਰਿਹਾਇਸ਼ ਨਹੀਂ (ਬੇਘਰੇ) ਹੈ। ਦੋਵੇਂ ਦਿਨ ਵੇਲੇ ਕਬਰਿਸਤਾਨ ਵਿੱਚ ਜਾਂਦੇ ਅਤੇ ਕਿਸੇ ਨਵੀਂ ਕਬਰ ਦੇ ਨੇੜੇ ਜਾਕੇ ਆਪਣੇ ਆਪ ਨੂੰ ਮ੍ਰਿਤਕ ਦੇ ਰਿਸ਼ਤੇਦਾਰ ਦੱਸਦਿਆਂ ਸਾਂਭ ਲਈ ਵਿਉਂਤਬੰਦੀ ਬਾਰੇ ਕਹਿਕੇ ਚੌਕੀਦਾਰ ਦਾ ਭਰੋਸਾ ਜਿੱਤ ਲੈਂਦੇ।
ਪ੍ਰਾਪਤ ਜਾਣਕਾਰੀ ਅਨੁਸਾਰ ਚੋਰੀ ਦੀ ਸਾਜਿਸ਼ ਨੂੰ ਅੰਜਾਮ ਦੇਣ ਲਈ ਬਾਅਦ ਵਿੱਚ ਦੋਵੇਂ ਨਾਲ ਲਿਆਂਦੇ ਔਜ਼ਾਰਾਂ ਨਾਲ ਕਬਰ ਦੇ ਸਿਰ ਵਾਲੇ ਪਾਸੇ ਮੋਟਾ ਛੇਕ ਕਰਕੇ ਲਾਸ਼ ਤੱਕ ਪਹੁੰਚ ਬਣਾਉਂਦੇ ਅਤੇ ਉਸ ਦਾ ਕੁਝ ਹਿੱਸਾ ਉੱਪਰ ਖਿੱਚ ਲਿਆਉਂਦੇ। ਇਸ ਉਪਰੰਤ ਉਹ ਮ੍ਰਿਤਕ ਦੇ ਦਫਨਾਉਣ ਮੌਕੇ ਪਾਏ ਗਹਿਣੇ ਉਤਾਰਦੇ ਅਤੇ ਹੱਡੀਆਂ ਵਾਪਸ ਖੱਡ ਵਿੱਚ ਸੁੱਟ ਕੇ ਕਬਰ ਬੰਦ ਦਿੰਦੇ ਸਨ।
ਪੁਲਿਸ ਬੁਲਾਰੇ ਅਨੁਸਾਰ ਉਨ੍ਹਾਂ ਨੇ ਉਕਤ ਖੇਤਰ ਦੇ ਕਰੀਬ 40 ਕਬਰਿਸਤਾਨਾਂ ’ਚ ਲਗਪਗ 300 ਕਬਰਾਂ ਚੋਂ ਸਮਾਨ ਚੋਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਨੂੰ ਗ੍ਰਿਫਤਾਰ ਕਰਕੇ ਸਮਾਨ ਬਰਾਮਦ ਕਰ ਲਿਆ ਹੈ ਅਤੇ ਦੋਸ਼ ਆਇਦ ਕੀਤੇ ਗਏ ਹਨ।



