ਕੈਨੇਡਾ ਦੇ ਬਾਜ਼ਾਰਾਂ ਵਿਚ ਜਲਦ ਮਿਲੇਗਾ ਭੰਗ ਨਾਲ ਬਣਿਆ ਖਾਨ-ਪੀਣ ਦਾ ਸਮਾਨ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਵਿਚ ਦਸੰਬਰ 2019 ਤੋਂ ਭੰਗ ਨਾਲ ਬਣੇ ਖੁਰਾਕੀ ਪਦਾਰਥਾਂ ਦੀ ਜਾਇਜ਼ ਢੰਗ ਨਾਲ ਬਾਜ਼ਾਰਾਂ ਵਿਚ ਵਿਕਰੀ ਸ਼ੁਰੂ ਹੋ ਜਾਵੇਗੀ। ਹਾਲਾਂਕਿ, ਸਰਕਾਰ ਨੇ ਸ਼ੁੱਕਰਵਾਰ ਦੇ ਅਪਣੇ ਐਲਾਨ ਵਿਚ ਕਿਹਾ ਕਿ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਉਨ੍ਹਾਂ ਨੇ ਗਮੀਬੇਅਰਸ ਅਤੇ ਲੌਲੀਪੌਪ ਜਿਹੀ ਚੀਜ਼ਾਂ ਵਿਚ ਭੰਗ ਦੇ ਇਸਤੇਮਾਲ ਨੂੰ ਮਨਜ਼ੂਰੀ ਨਹੀਂ ਦਿੱਤੀ।ਕੈਨੇਡਾ ਨੇ ਇੱਕ ਕਾਨੂੰਨ ਬਣਾ ਕੇ ਭੰਗ ਦੀ ਵਰਤੋਂ ਨੂੰ ਜਾਇਜ਼ ਐਲਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਪਾਸ ਇਹ ਨਵਾਂ ਕਾਨੂੰਨ 17 ਅਕਤੂਬਰ ਤੋਂ ਪ੍ਰਭਾਵੀ ਹੋਵੇਗਾ। 

ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਨ੍ਹਾਂ ਨਵੇਂ ਉਤਪਾਦ ਦਸੰਬਰ ਦੇ ਦੂਜੇ ਹਫ਼ਤੇ ਤੋਂ ਪਹਿਲਾਂ ਬਾਜ਼ਾਰ ਵਿਚ ਆਉਣ ਦੀ ਸੰਭਾਵਨਾ ਨਹੀਂ ਹੈ। ਇਹ ਉਦਯੋਗ ਨਵਾਂ ਹੈ । ਇਸ ਨੂੰ ਖੜ੍ਹੇ ਹੋਣ ਅਤੇ ਉਪਭੋਗਤਾਵਾਂ ਦੇ ਹਿਸਾਬ ਨਾਲ ਵਿਕਸਿਤ ਹੋਣ ਵਿਚ ਕੁਝ ਸਮਾਂ ਲੱਗੇਗਾ। ਕੈਨੇਡਾ ਸਰਕਾਰ ਵਿਚ ਭੰਗ ਨਾਲ ਜੁੜੇ ਸਾਰੇ ਮਾਮਲਿਆਂ ਦੇ ਇੰਚਾਰਜ ਬਿਲ ਬਲੇਅਰ ਨੇ ਇੱਕ ਬਿਆਨ ਵਿਚ ਕਿਹਾ ਕਿ ਸੋਧੇ ਹੋਏ ਕਾਨੂੰਨ ਦਾ ਮਕਸਦ ਖਾਣ ਯੋਗ ਭੰਗ, ਭੰਗ ਦੇ ਜੂਸ ਅਤੇ ਭੰਗ ਤੋਂ ਬਣਨ ਵਾਲੇ ਮਲਹਮ ਆਦਿ ਨਾਲ ਸਿਹਤ ਨੂੰ ਹੋਣ ਵਾਲੇ ਖ਼ਤਰੇ ਨੂੰ ਘੱਟ ਕਰਨਾ ਹੈ। 

ਕੈਨੇਡਾ ਵਿਚ ਇਨ੍ਹਾਂ ਉਤਪਾਦਾਂ ਦੇ ਮੌਜੂਦਾ ਗੈਰ ਸਰਕਾਰੀ ਬਾਜ਼ਾਰ ਨੂੰ ਖਤਮ ਕਰਨਾ ਹੈ। ਨਵੇਂ ਕਾਨੂੰਨ ਦੇ ਤਹਿਤ ਕੈਨੇਡਾ ਦੇ ਹਰੇਕ ਖੁਰਾਕ ਅਤੇ ਤਰਲ ਪਦਾਰਥ ਅਤੇ ਜੂਸ ਅਤੇ ਮਲਹਮ ਆਦਿ ਵਿਚ ਭੰਗ ਦੀ ਮਾਤਰਾ ਤੈਅ ਕਰ ਦਿੱਤੀ ਗਈ ਹੈ।