ਸਵਿਟਜ਼ਰਲੈਂਡ ਨੇ ਭਾਰਤ ਨੂੰ ਸੌਂਪੀ ਸਵਿਸ ਬੈਂਕ ਖ਼ਾਤਿਆਂ ਦੇ ਬਿਓਰੇ ਦੀ ਤੀਜੀ ਸੂਚੀ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸ ਬੈਂਕ ਖ਼ਾਤਿਆਂ ਦੇ ਬਿਓਰੇ ਦੀ ਤੀਜੀ ਸੂਚੀ ਸੌਂਪੀ ਹੈ। ਯੂਰੋਪੀਅਨ ਮੁਲਕ ਨੇ 96 ਮੁਲਕਾਂ ਨਾਲ ਕਰੀਬ 33 ਲੱਖ ਵਿੱਤੀ ਖ਼ਾਤਿਆਂ ਦਾ ਬਿਓਰਾ ਸਾਂਝਾ ਕੀਤਾ ਹੈ।

ਸਵਿਟਜ਼ਰਲੈਂਡ ਦੇ ਸੰਘੀ ਟੈਕਸ ਪ੍ਰਸ਼ਾਸਨ (ਐੱਫਟੀਏ) ਨੇ ਸੋਮਵਾਰ ਨੂੰ ਬਿਆਨ ’ਚ ਕਿਹਾ ਕਿ ਇਸ ਸਾਲ ਸੂਚਨਾਵਾਂ ਦੇ ਆਦਾਨ-ਪ੍ਰਦਾਨ ’ਚ 10 ਹੋਰ ਮੁਲਕ, ਐਂਟੀਗੁਆ ਅਤੇ ਬਰਬੂਡਾ, ਅਜ਼ਰਬਾਇਜਾਨ, ਡੋਮਿਨਿਕਾ, ਘਾਨਾ, ਲਿਬਨਾਨ, ਮਕਾਊ, ਪਾਕਿਸਤਾਨ, ਕਤਰ, ਸਾਮੋਆ ਅਤੇ ਵੁਆਤੂ ਸ਼ਾਮਲ ਹਨ। ਇਨ੍ਹਾਂ ’ਚੋਂ 70 ਮੁਲਕਾਂ ਨਾਲ ਆਪਸੀ ਆਦਾਨ-ਪ੍ਰਦਾਨ ਕੀਤਾ ਗਿਆ ਹੈ ਪਰ ਸਵਿਟਜ਼ਰਲੈਂਡ ਨੇ 26 ਮੁਲਕਾਂ ਦੇ ਮਾਮਲਿਆਂ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦਾ ਕਾਰਨ ਇਹ ਸੀ ਕਿ ਜਾਂ ਤਾਂ ਉਹ ਮੁਲਕ (14 ਦੇਸ਼) ਅਜੇ ਤੱਕ ਖੁਫ਼ੀਆ ਅਤੇ ਡੇਟਾ ਸੁਰੱਖਿਆ ’ਤੇ ਕੌਮਾਂਤਰੀ ਲੋੜਾਂ ਨੂੰ ਪੂਰਾ ਨਹੀਂ ਕਰਦੇ ਹਨ ਜਾਂ ਉਨ੍ਹਾਂ (12 ਮੁਲਕਾਂ) ਡੇਟਾ ਹਾਸਲ ਕਰਨਾ ਜ਼ਰੂਰੀ ਨਹੀਂ ਸਮਝਿਆ ਹੈ। ਉਂਜ ਐੱਫਟੀਏ ਨੇ ਸਾਰੇ 96 ਮੁਲਕਾਂ ਦੇ ਨਾਮ ਅਤੇ ਜ਼ਿਆਦਾਤਰ ਬਿਓਰੇ ਦਾ ਖ਼ੁਲਾਸਾ ਨਹੀਂ ਕੀਤਾ ਹੈ।