
ਕਪੂਰਥਲਾ (ਰਾਘਵ): ਕਪੂਰਥਲਾ ਦੇ ਪਿੰਡ ਬਲੇਰਖਾਨਪੁਰ ’ਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜ਼ਖ਼ਮੀ ਵਿਅਕਤੀਆਂ ਦਾ ਜਲੰਧਰ ਦੇ ਨਿੱਜੀ ਹਸਪਤਾਲ ਤੋਂ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਬਲੇਰਖਾਨਪੁਰ ’ਚ ਦੇਰ ਰਾਤ 10-12 ਲੋਕ ਸਾਬਕਾ ਮਹਿਲਾ ਸਰਪੰਚ ਦੇ ਘਰ ਆਏ ਅਤੇ ਆਉਂਦੇ ਹੀ ਘਰ ’ਚ ਮੌਜੂਦ ਨੌਜਵਾਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ’ਤੇ ਨੌਜਵਾਨ ਨੇ ਆਪਣੇ ਬਚਾਅ ਲਈ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤੇ। ਜਦੋਂ ਹਮਲਾਵਰਾਂ ਨੇ ਕੁੱਟਮਾਰ ਕਰਨੀ ਬੰਦ ਨਹੀਂ ਕੀਤੀ ਤਾਂ ਨੌਜਵਾਨ ਨੇ ਕੁੱਟਮਾਰ ਕਰਨ ਵਾਲੇ ਲੋਕਾਂ ‘ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਇਕ ਗੋਲ਼ੀ ਇਕ ਵਿਅਕਤੀ ਦੇ ਪੇਟ ’ਚ ਲੱਗੀ ਅਤੇ ਇਕ ਹੋਰ ਗੋਲ਼ੀ ਦੂਜੇ ਵਿਅਕਤੀ ਦੀ ਛਾਤੀ ’ਚ ਲੱਗਣ ਨਾਲ ਦੋਵੇਂ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਮੌਕੇ ’ਤੇ ਗੋਲ਼ੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਇਕੱਠੇ ਹੋ ਗਏ। ਜ਼ਖ਼ਮੀਆਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ’ਚ ਇਲਾਜ ਵਾਸਤੇ ਦਾਖ਼ਲ ਕਰਵਾਇਆ। ਪੁਲਸ ਸੂਤਰਾਂ ਅਨੁਸਾਰ ਮਾਮਲਾ ਵਿਦੇਸ਼ ’ਚ ਦੋਵਾਂ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਨਾਲ ਜੁੜਿਆ ਹੋਇਆ ਹੈ, ਜਿੱਥੇ ਇਕ ਹੀ ਪਿੰਡ ਦੇ ਰਹਿਣ ਵਾਲੇ ਲੜਕੇ ਅਤੇ ਲੜਕੀ ਨੇ ਵਿਆਹ ਕਰਵਾ ਲਿਆ ਹੈ। ਇਸ ਕਰਕੇ ਲੜਕੀ ਪਰਿਵਾਰ ਨੇ ਸਾਬਕਾ ਮਹਿਲਾ ਸਰਪੰਚ ਦੇ ਘਰ ਆ ਕੇ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਘਰ ’ਚ ਮੌਜੂਦ ਨੌਜਵਾਨ ਨੇ ਬਚਾਅ ਲਈ ਫਾਇਰਿੰਗ ਕੀਤੀ। ਥਾਣਾ ਸਦਰ ਦੀ ਪੁਲਸ ਨੇ ਪੀੜਤ ਤਰਸੇਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਲੇਰਖਾਨਪੁਰ ਦੀ ਸ਼ਿਕਾਇਤ ’ਤੇ ਮੁਲਜ਼ਮ ਨਵਦੀਪ ਸਿੰਘ ਉਰਫ਼ ਦੀਪਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਬਲੇਰਖਾਨਪੁਰ ਦੇ ਖ਼ਿਲਾਫ਼ ਆਰਮਜ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜਮ ਦੀ ਗ੍ਰਿਫ਼ਤਾਰ ਨਹੀਂ ਹੋ ਸਕੀ। ਮੁਲਜ਼ਮ ਦੀ ਤਲਾਸ਼ ’ਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।