ਨਿਊਜ਼ ਡੈਸਕ, (ਜਸਕਮਲ) : ਜਨਰਲ ਬਿਪਿਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (CDS) ਸਨ, ਜਿਨ੍ਹਾਂ ਨੇ ਜਨਵਰੀ 'ਚ ਇਹ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਚੀਫ ਆਫ ਡਿਫੈਂਸ ਸਟਾਫ (CDS) ਦਾ ਅਹੁਦਾ ਖਾਲੀ ਹੋ ਗਿਆ ਹੈ। ਹੁਣ ਅਗਲਾ ਸੀਡੀਐੱਸ ਕੌਣ ਹੋਵੇਗਾ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ ਇਸ ਅਹੁਦੇ ਲਈ ਕਈ ਨਾਵਾਂ 'ਤੇ ਵਿਚਾਰ ਕੀਤੀ ਜਾ ਰਹੀ ਹੈ ਪਰ ਫੌਜ ਮੁਖੀ ਮਨੋਜ ਮੁਕੁੰਦ ਨਰਵਾਣੇ ਦਾ ਨਾਂ ਸਭ ਤੋਂ ਅੱਗੇ ਹੈ, ਜੋ ਕਿ ਅਪ੍ਰੈਲ 'ਚ ਸੇਵਾਮੁਕਤ ਹੋ ਰਹੇ ਹਨ।
CDS ਇਕ ਚਾਰ-ਸਿਤਾਰਾ ਫੌਜੀ ਅਫਸਰ ਹੈ, ਜਿਸਨੂੰ ਭਾਰਤੀ ਹਥਿਆਰਬੰਦ ਬਲਾਂ ਦੇ ਅਫਸਰਾਂ 'ਚੋਂ ਚੁਣਿਆ ਜਾਂਦਾ ਹੈ। ਅਗਲੇ ਸੀਡੀਐੱਸ ਦੀ ਨਿਯੁਕਤੀ ਨੂੰ ਲੈ ਕੇ ਸੂਚਨਾ ਮਿਲੀ ਹੈ ਕਿ ਸਰਕਾਰ ਆਰਮੀ, ਏਅਰ ਫੋਰਸ ਤੇ ਨੇਵੀ ਦੇ ਸੀਨੀਅਰ ਕਮਾਂਡਰਾਂ ਦੇ ਨਾਵਾਂ ਦਾ ਪੈਨਲ ਬਣਾਏਗੀ। ਤਿੰਨਾਂ ਸੇਵਾਵਾਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਇਸ ਪੈਨਲ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਇਸ ਉਪਰੰਤ ਇਸ ਨੂੰ ਮਨਜ਼ੂਰੀ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ ਭੇਜਿਆ ਜਾਵੇਗਾ। ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ, ਇਨ੍ਹਾਂ ਨਾਵਾਂ ਨੂੰ ਵਿਚਾਰ ਲਈ ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੂੰ ਭੇਜਿਆ ਜਾਵੇਗਾ, ਜੋ ਦੇਸ਼ ਦੇ ਅਗਲੇ ਸੀਡੀਐੱਸ 'ਤੇ ਅੰਤਿਮ ਫੈਸਲਾ ਕਰੇਗੀ।