ਦੇਸ਼ ਵਿਰੁੱਧ ਜਸ਼ਨ ਮਨਾਉਣ ਵਾਲਿਆਂ ਵਿਰੁੱਧ ਚਲੇਗਾ ਦੇਸ਼ਧ੍ਰੋਹ ਦਾ ਮੁਕੱਦਮਾ : ਯੋਗੀ

by vikramsehajpal

ਉੱਤਰ ਪ੍ਰਦੇਸ਼ (ਦੇਵ ਇੰਦਰਜੀਤ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਭਾਰਤ-ਪਾਕਿਸਤਾਨ ਵਿਚਾਲੇ ਹੋਏ ਟੀ-20 ਮੈਚ ’ਚ ਭਾਰਤ ਦੀ ਹਾਰ ਤੋਂ ਬਾਅਦ ਪਟਾਕੇ ਚਲਾਏ ਜਾਣ ’ਤੇ ਸਖ਼ਤ ਰੁਖ ਅਪਣਾਇਆ ਹੈ। ਉਨ੍ਹਾਂ ਨੇ ਅਜਿਹਾ ਕਰਨ ਵਾਲਿਆਂ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਪੁਲਸ ਨੇ ਕਾਰਵਾਈ ਕਰਦੇ ਹੋਏ ਅੱਧਾ ਦਰਜਨ ਮਾਮਲਿਆਂ ’ਚ ਕੇਸ ਦਰਜ ਕੀਤਾ ਹੈ। ਹੁਣ ਮੁੱਖ ਮੰਤਰੀ ਦੇ ਨਿਰਦੇਸ਼ ਤੋਂ ਬਾਅਦ ਦੇਸ਼ਧ੍ਰੋਹ ਦਾ ਮੁਕੱਦਮਾ ਵੀ ਦਰਜ ਕੀਤਾ ਜਾਵੇਗਾ।

ਸਾਰੇ ਜ਼ਿਲ੍ਹਾਂ ਦੇ ਕਪਤਾਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ, ਕਿਤੇ ਵੀ ਦੇਸ਼ ਵਿਰੁੱਧ ਕੁਝ ਵੀ ਵਾਪਰਦਾ ਹੈ ਤਾਂ ਉਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ। ਦੱਸਣਯੋਗ ਹੈ ਕਿ ਟੀ-20 ਦੇ ਵਿਸ਼ਵਕਪ ’ਚ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਕਈ ਜਗ੍ਹਾ ਪਟਾਕੇ ਚਲਾਏ ਗਏ ਸਨ ਅਤੇ ਨਾਅਰੇਬਾਜ਼ੀ ਕੀਤੀ ਗਈ ਸੀ। ਇਸ ’ਤੇ ਸੂਬਾ ਸਰਕਾਰ ਗੰਭੀਰਤਾ ਦਿਖਾਉਂਦੇ ਹੋਏ ਰਿਪੋਰਟ ਵੀ ਤਲਬ ਕੀਤੀ ਸੀ।

ਯੂ.ਪੀ. ਦੇ ਡੀ.ਜੀ.ਪੀ. ਮੁਕੁਲ ਗੋਇਲ ਨੇ ਵੱਡੀ ਕਾਰਵਾਈ ਕਰਨ ਨੂੰ ਕਿਹਾ ਹੈ। ਇਨ੍ਹਾਂ ਮਾਮਲਿਆਂ ’ਚ ਗ੍ਰਿਫ਼ਤਾਰ ਦੋਸ਼ੀਆਂ ’ਚੋਂ ਇਕ ਬਦਾਯੂੰ ਦਾ ਹੈ। 24 ਅਕਤੂਬਰ ਨੂੰ ਇਸ ਸ਼ਖ਼ਸ ਨੇ ਫੇਸਬੁੱਕ ’ਤੇ ਪਾਕਿਸਤਾਨ ਦੇ ਸਮਰਥਨ ’ਚ ਪੋਸਟ ਲਿਖ ਕੇ ਪਾਕਿਸਤਾਨ ਦੇ ਝੰਡੇ ਦੀ ਫੋਟੋ ਲਗਾ ਕੇ ਜਸ਼ਨ ਮਨਾਇਆ ਸੀ। ਇਕ ਹੋਰ ਮਾਮਲੇ ’ਚ ਬਰੇਲੀ ਦੇ 2 ਲੋਕਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਸਮਰਥਨ ’ਚ ਆਪਣੇ ਵਟਸਐੱਪ ’ਤੇ ਸਟੇਟਸ ਪਾਇਆ ਸੀ।