ਕੰਪਲੀਟ ਵੈਕਸੀਨੇਸ਼ਨ ਕਰਵਾ ਚੁੱਕੇ ਲੋਕਾਂ ਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ 14 ਦਿਨ ਦੇ ਕੁਆਰਨਟੀਨ ਤੋਂ ਛੋਟ : ਫੈਡਰਲ ਸਰਕਾਰ

by vikramsehajpal

ਓਂਟਾਰੀਓ (ਦੇਵ ਇੰਦਰਜੀਤ)- ਟਰੈਵਲ ਸਬੰਧੀ 16 ਮਹੀਨਿਆਂ ਤੱਕ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਤੋਂ ਬਾਅਦ ਆਖਿਰਕਾਰ ਕੈਨੇਡਾ ਨੇ ਸੋਮਵਾਰ ਤੋਂ ਟਰੈਵਲ ਸਬੰਧੀ ਨਿਯਮਾਂ ਵਿੱਚ ਥੋੜ੍ਹੀ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਪਰ ਇਹ ਢਿੱਲ ਕੁੱਝ ਲੋਕਾਂ ਨੂੰ ਹੀ ਮਿਲੇਗੀ।

ਸੋਮਵਾਰ ਤੋਂ ਸ਼ੁਰੂ ਹੋ ਕੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਲੋਕ ਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ 14 ਦਿਨ ਦੇ ਕੁਆਰਨਟੀਨ ਤੋਂ ਛੋਟ ਹੋਵੇਗੀ। ਇਹ ਛੋਟ ਉਨ੍ਹਾਂ ਲੋਕਾਂ ਨੂੰ ਹੀ ਹੋਵੇਗੀ ਜਿਨ੍ਹਾਂ ਨੇ ਕੈਨੇਡਾ ਵਿੱਚ ਮਨਜ਼ੂਰ ਵੈਕਸੀਨ ਦੀਆਂ ਪੂਰੀਆਂ ਡੋਜ਼ਾਂ ਲਵਾਈਆਂ ਹੋਣਗੀਆਂ। ਯੋਗ ਟਰੈਵਲਰਜ਼ ਨੂੰ ਫੈਡਰਲ ਸਰਕਾਰ ਵੱਲੋਂ ਨਿਰਧਾਰਤ ਹੋਟਲਾਂ ਵਿੱਚ ਵੀ 3 ਦਿਨਾਂ ਲਈ ਨਹੀਂ ਰਹਿਣਾ ਹੋਵੇਗਾ। ਪਰ ਇਸ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਦਿੱਤੀ ਗਈ ਵਾਰਨਿੰਗ ਅਨੁਸਾਰ ਉਨ੍ਹਾਂ ਟਰੈਵਲਰਜ਼ ਨੂੰ ਅਜੇ ਵੀ ਕੈਨੇਡਾ ਵਿੱਚ ਦਾਖਲ ਹੋਣ ਦੀ ਮਨਾਹੀ ਹੋਵੇਗੀ ਜਿਹੜੇ ਸੋਮਵਾਰ ਤੋਂ ਪਹਿਲਾਂ ਦੇਸ਼ ਵਿੱਚ ਦਾਖਲ ਹੋਣ ਦੇ ਯੋਗ ਨਹੀਂ ਸਨ ਮੰਨੇ ਗਏ। ਡਿਪਾਰਚਰ ਤੋਂ ਪਹਿਲਾਂ ਟਰੈਵਲਰਜ਼ ਨੂੰ ਐਰਾਈਵਕੈਨ ਐਪ ਜਾਂ ਵੈੱਬ ਪੋਰਟਲ ਉੱਤੇ ਆਪਣੀ ਵੈਕਸੀਨੇਸ਼ਨ ਡੀਟੇਲ ਭਰਨੀ ਹੋਵੇਗੀ।ਇਸ ਦੇ ਨਾਲ ਹੀ ਟਰੈਵਲਰਜ਼ ਨੂੰ ਆਪਣੇ ਤਿੰਨ ਦਿਨਾਂ ਦੇ ਅੰਦਰ ਅੰਦਰ ਕਰਵਾਏ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਦੇ ਨਤੀਜੇ ਵੀ ਇਨ੍ਹਾਂ ਪੋਰਟਲਜ਼ ਉੱਤੇ ਭਰਨੇ ਹੋਣਗੇ।

ਸੋਮਵਾਰ ਤੋਂ ਪਹਿਲਾਂ ਕੈਨੇਡਾ ਪਹੁੰਚੇ ਹਰ ਸ਼ਖ਼ਸ ਨੂੰ ਦੋ ਹਫਤਿਆਂ ਲਈ ਕੁਆਰਨਟੀਨ ਹੋਣਾ ਹੋਵੇਗਾ। ਏਜੰਸੀ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਇਨ੍ਹਾਂ ਨਿਯਮਾਂ ਵਿੱਚ ਢਿੱਲ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਕੈਨੇਡਾ ਹੁਣ ਟੂਰਿਜ਼ਮ, ਮਨੋਰੰਜਨ ਤੇ ਇਸ ਤਰ੍ਹਾਂ ਦੀਆਂ ਹੋਰਨਾਂ ਗਤੀਵਿਧੀਆਂ ਲਈ ਖੁੱਲ੍ਹ ਚੁੱਕਿਆ ਹੈ।