ਓਂਟਾਰੀਓ ‘ਚ ਕੱਢੇ ਵਿਸ਼ਾਲ ਨਗਰ ਕੀਰਤਨ ਵਿੱਚ ਨਤਮਸਤਕ ਹੋਏ ਹਜ਼ਾਰਾਂ ਲੋਕ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਓਂਟਾਰੀਓ ਗੁਰਦੁਆਰਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖਾਲਸੇ ਦੇ 320ਵੇਂ ਸਾਜਨਾ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਿਨ ਕੀਤਾ ਗਿਆ। ਨਗਰ ਕੀਰਤਨ ਦਾ ਆਰੰਭ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਪੰਜ ਨਿਸ਼ਾਨਚੀਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਆਰੰਭ ਹੋਇਆ। ਨਗਰ ਕੀਰਤਨ 'ਚ ਵੱਖ-ਵੱਖ ਗਤਕਾ ਪਾਰਟੀਆਂ ਗਤਕੇ ਦੇ ਜੌਹਰ ਦਿਖ਼ਾ ਰਹੀਆਂ ਸਨ।

ਏਅਰਪੋਰਟ ਰੋਡ ਅਤੇ ਮਾਰਨਿੰਗ ਸਟਾਰ ਸਟਰੀਟ ਤੋਂ 12.30 ਵਜੇ ਸ਼ੁਰੂ ਹੋਇਆ ਇਹ ਨਗਰ ਕੀਰਤਨ ਹੰਬਰ ਵੁੱਡ ਡਰਾਈਵ ਅਤੇ ਫਿੰਚ ਰੋਡ ਤੋਂ ਹੁੰਦਾ ਹੋਇਆ 7 ਕਿਲੋਮੀਟਰ ਦਾ ਰਸਤਾ ਤੈਅ ਕਰਦਾ ਹੋਇਆ ਸ਼ਾਮ 6 ਵਜੇ ਦੇ ਸਿੱਖ ਸਪਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਪੁੱਜਿਆ, ਜਿੱਥੇ ਸੰਗਤਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਪ੍ਰਬੰਧਕਾਂ ਅਨੁਸਾਰ ਇਸ ਨਗਰ ਕੀਰਤਨ ਵਿਚ ਢੇਡ ਲੱਖ ਤੋਂ ਵੱਧ ਸੰਗਤਾਂ ਨੇ ਹਾਜ਼ਰੀ ਭਰੀ। ਨਗਰ ਕੀਰਤਨ ਦੇ ਰਸਤੇ 'ਤੇ 500 ਤੋਂ ਵੱਧ ਲੰਗਰਾਂ ਅਤੇ ਜਾਣਕਾਰੀ ਦੇ ਸਟਾਲ ਸੰਗਤਾਂ ਵੱਲੋਂ ਲਾਏ ਗਏ। 

ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਸਜਾਏ ਗਏ ਪੰਡਾਲ ਵਿਚ ਜਿੱਥੇ ਸੰਗਤਾਂ ਨੇ ਰਾਗੀ ਢਾਡੀ ਜਥਿਆਂ ਕੋਲੋਂ ਗੁਰਬਾਣੀ ਅਤੇ ਢਾਡੀ ਵਾਰਾਂ ਦਾ ਆਨੰਦ ਮਾਣਿਆ, ਉੱਥੇ ਓਂਟਾਰੀਓ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਵੱਲੋਂ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਪੰਜਾਬੀ ਭਾਈਚਾਰੇ ਦੇ ਬਹੁਤੇ ਰਾਜਨੀਤਕਾਂ ਨੇ ਨਗਰ ਕੀਰਤਨ ਤੋਂ ਦੂਰੀ ਬਣਾਈ ਰੱਖੀ।