ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ! UK ਤੋਂ ਆਈ ਕਾਲ

by jaskamal

ਪੱਤਰ ਪ੍ਰੇਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਮਹਾਰਾਸ਼ਟਰ 'ਚ ਭਾਜਪਾ ਦੇ ਬੁਲਾਰੇ ਸ਼ਿਵਰਾਏ ਕੁਲਕਰਨੀ ਨੂੰ ਫ਼ੋਨ 'ਤੇ ਦਿੱਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਅਨੁਸਾਰ ਇਹ ਕਾਲ ਸਿੱਧੇ ਇੰਗਲੈਂਡ ਤੋਂ ਆਈ ਸੀ।

ਜਾਣਕਾਰੀ ਮੁਤਾਬਕ ਸੋਮਵਾਰ (11 ਮਾਰਚ) ਦੀ ਸਵੇਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਭਾਜਪਾ ਦੇ ਸੂਬਾ ਬੁਲਾਰੇ ਸ਼ਿਵਰਾਏ ਕੁਲਕਰਨੀ ਨੂੰ ਫੋਨ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਤੁਰੰਤ ਬਾਅਦ ਸ਼ਿਵਰਾਏ ਕੁਲਕਰਨੀ ਨੇ ਬਡਨੇਰਾ ਥਾਣੇ ਆ ਕੇ ਸ਼ਿਕਾਇਤ ਦਰਜ ਕਰਵਾਈ। ਕੁਲਕਰਨੀ ਮੁਤਾਬਕ ਇਸ ਫੋਨ ਕਾਲ ਰਾਹੀਂ ਬੰਬੇ ਸਟਾਕ ਐਕਸਚੇਂਜ ਦੀ ਇਮਾਰਤ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਕਾਲ ਰਾਹੀਂ ਧਮਕੀ ਦੇਣ ਵਾਲੇ ਵਿਅਕਤੀ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਦੀ ਆਰਥਿਕਤਾ ਡਿੱਗ ਗਈ ਤਾਂ ਭਾਰਤ ਕਮਜ਼ੋਰ ਹੋ ਜਾਵੇਗਾ।

ਕੁਲਕਰਨੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 11:18 ਵਜੇ ਇੱਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਸੀ। ਉਸ ਨੇ ਦੱਸਿਆ ਕਿ ਕਾਲ ਦੀ ਲੋਕੇਸ਼ਨ ਯੂਨਾਈਟਿਡ ਕਿੰਗਡਮ ਦਿਖਾ ਰਹੀ ਸੀ। ਸ਼ਿਵਰਾਏ ਕੁਲਕਰਨੀ ਨੇ ਇਹ ਵੀ ਕਿਹਾ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਖਾਲਿਸਤਾਨੀ ਸਮਰਥਕ ਹੈ।