ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਦਾ ਭਵਿੱਖ ਡੁੱਬਣ ਕੰਢੇ; ਇਹ ਕਾਲਜ ਹੋਏ ਬੰਦ

by jaskamal

ਨਿਊਜ਼ ਡੈਸਕ (ਜਸਕਮਲ) : ਮੌਂਟਰੀਅਲ ਦੇ ਤਿੰਨ ਕਾਲਜਾਂ ਨੂੰ ਦੀਵਾਲੀਆ ਐਲਾਨ ਕਰ ਕੇ ਪਿਛਲੇ ਮਹੀਨੇ ਬੰਦ ਕੀਤੇ ਜਾਣ ਤੋਂ ਬਾਅਦ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ 2000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਕੈਨੇਡੀਅਨ ਸਰਕਾਰ ਤੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ। CCSQ ਕਾਲਜ, M. ਕਾਲਜ ਤੇ CDE ਕਾਲਜ ਨੇ ਬੰਦ ਹੋਣ ਤੋਂ ਪਹਿਲਾਂ ਇਨ੍ਹਾਂ ਵਿਦਿਆਰਥੀਆਂ ਤੋਂ ਟਿਊਸ਼ਨ ਫੀਸ ਦੇ ਰੂਪ 'ਚ ਲੱਖਾਂ ਡਾਲਰ ਇਕੱਠੇ ਕੀਤੇ ਸਨ।

ਵਿਦਿਆਰਥੀ, ਜਿਨ੍ਹਾਂ 'ਚੋਂ ਕਈ ਦੋਸਤਾਂ ਜਾਂ ਰਿਸ਼ਤੇਦਾਰਾਂ ਕੋਲ ਰਹਿਣ ਲਈ ਵੱਖ-ਵੱਖ ਸ਼ਹਿਰਾਂ 'ਚ ਚਲੇ ਗਏ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਉਹ ਆਪਣੀ ਦੁਰਦਸ਼ਾ ਨੂੰ ਉਜਾਗਰ ਕਰਨ ਲਈ ਰੈਲੀਆਂ ਕਰ ਰਹੇ ਹਨ। ਬੁੱਧਵਾਰ ਨੂੰ ਬਰੈਂਪਟਨ ਦੇ ਟੋਰਾਂਟੋ ਉਪਨਗਰ 'ਚ ਇਕ ਰੈਲੀ ਵਿਚ ਜਦੋਂ ਕੁਝ ਪ੍ਰਭਾਵਿਤ ਵਿਦਿਆਰਥੀਆਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਇਨਸਾਫ਼ ਲਈ ਨਾਅਰੇ ਲਗਾਏ ਤਾਂ ਇਸ ਦੌਰਾਨ ਉਹਨਾਂ ਦੇ ਚਿਹਰਿਆਂ 'ਤੇ ਚਿੰਤਾ ਸਾਫ਼ ਝਲਕ ਰਹੀ ਸੀ।

ਉਨ੍ਹਾਂ ਨੇ ਦੂਜੇ ਕਾਲਜਾਂ ਤੋਂ ਕੋਰਸ ਪੂਰਾ ਕਰਨ 'ਚ ਮਦਦ ਕਰਨ ਲਈ ਕੈਨੇਡੀਅਨ ਸਰਕਾਰ ਤੋਂ ਦਖ਼ਲ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਵਿਦਿਆਰਥੀ ਆਪਣੇ ਕੋਰਸ ਪੂਰੇ ਕਰਨ ਦੇ ਨੇੜੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪੁਰਾਣੇ ਕ੍ਰੈਡਿਟ ਦੇ ਆਧਾਰ 'ਤੇ ਇਸ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਕਈਆਂ ਨੇ ਕਿਹਾ ਕਿ ਉਨ੍ਹਾਂ ਕੋਲ ਪੈਸੇ ਖ਼ਤਮ ਹੋ ਰਹੇ ਹਨ, ਕਿਉਂਕਿ ਉਹ ਕਾਨੂੰਨੀ ਤੌਰ 'ਤੇ ਹਫ਼ਤੇ ਵਿਚ 20 ਘੰਟੇ ਕੰਮ ਨਹੀਂ ਕਰ ਸਕਦੇ - ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਗਿਆ ਦਿੱਤੀ ਜਾਂਦੀ ਹੈ।