ਆਸਟਰੇਲੀਆ ‘ਚ, 3 ਮਰੇ, ਕਈ ਲਾਪਤਾ, ਜਾਨ ਬਚਾਉਣ ਲਈ ਸਮੁੰਦਰ ਦੀ ਸ਼ਰਣ ‘ਚ ਹਜ਼ਾਰਾਂ ਲੋਕ

by

 ਸਿਡਨੀ: ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨੇ ਭਿਆਨਕ ਰੂਪ ਅਖ਼ਤਿਆਰ ਕਰ ਲਿਆ ਹੈ। ਆਸਟਰੇਲੀਆਈ ਅਧਿਕਾਰੀਆਂ ਨੇ ਬੁੱਧਵਾਰ ਨੂੰ ਤਿੰਨ ਹੋਰ ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ। ਇਸ ਆਫ਼ਤ ਵਿਚ ਕਈ ਲੋਕ ਲਾਪਤਾ ਹਨ ਜਿਨ੍ਹਾਂ ਵਿਚ ਕੁਝ ਦੇ ਮਾਰੇ ਜਾਣ ਦਾ ਸ਼ੱਕ ਹੈ। ਦੱਖਣੀ ਪੂਰਬੀ ਆਸਟਰੇਲੀਆ ਦੇ ਮੱਲਕੂਟਾ ਸ਼ਹਿਰ ਵਿਚ ਸਥਾਨਕ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਆਏ ਸੈਲਾਨੀਆਂ ਨੂੰ ਮਿਲਾ ਕੇ 4000 ਲੋਕ ਆਪਣੀ ਜਾਨ ਬਚਾਉਣ ਲਈ ਸਮੁੰਦਰ ਵੱਲ ਰੁਖ਼ ਕਰ ਗਏ ਹਨ।


ਜੰਗਲਾਂ ਦੇ ਆਲੇ ਦੁਆਲੇ ਦਾ ਇਲਾਕਾ ਧੂੰਏਂ ਦੇ ਗੁਬਾਰ ਦੀ ਲਪੇਟ ਵਿਚ ਆ ਗਿਆ ਹੈ। ਨਾਲ ਹੀ ਅੱਗ ਕਾਰਨ ਵਧੇ ਤਾਪਮਾਨ ਨੇ ਮੁਸ਼ਕਲਾਂ ਵਿਚ ਇਜਾਫਾ ਕਰ ਦਿੱਤਾ ਹੈ। ਅਧਿਕਾਰੀਆਂ ਨੂੰ ਇਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਦੀਆਂ ਲਪਟਾਂ ਤੋਂ ਬਚਣ ਲਈ ਲੋਕ ਸਮੁੰਦਰੀ ਪਾਣੀ ਵਿਚ ਖੜੇ ਹਨ। ਇਸ ਅੱਗ ਨਾਲ ਹੁਣ ਤਕ ਆਸਟਰੇਲੀਆ ਵਿਚ ਕੁਲ 12 ਮੌਤਾਂ ਹੋ ਗਈਆਂ ਹਨ। ਮਰਨ ਵਾਲਿਆਂ ਵਿਚ 3 ਫਾਇਰਬ੍ਰਿਗੇਡ ਦੇ ਲੋਕ ਵੀ ਹਨ।


ਨਿਊ ਸਾਊਥ ਵੇਲਸ ਵਿਚ 100 ਤੋਂ ਜ਼ਿਆਦਾ ਥਾਵਾਂ 'ਤੇ ਅੱਗ ਲੱਗ ਚੁੱਕੀ ਹੈ ਅਤੇ ਹਜ਼ਾਰਾਂ ਫਾਇਰਬ੍ਰਿਗੇਡ ਇਸ ਨੂੰ ਬੁਝਾਉਣ ਵਿਚ ਲੱਗੇ ਹੋਏ ਹਨ। ਬੁੱਧਵਾਰ ਦੀ ਸਵੇਰ ਸੜ ਚੁੱਕੀ ਕਾਰ ਵਿਚ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਹਜ਼ਾਰਾਂ ਘਰ ਸੜ ਕੇ ਸੁਆਹ ਹੋ ਗਏ ਹਨ। ਸਮੁੰਦਰ ਕੰਢੇ ਪਹੁੰਚੇ ਲੋਕ ਲਾਈਫ ਸੇਵਿੰਗ ਜੈਕਟਾਂ ਪਹਿਨੀ ਬੈਠੇ ਹਨ, ਤਾਂ ਜੋ ਲੋੜ ਪੈਣ 'ਤੇ ਸਮੁੰਦਰ ਵਿਚ ਕੁੱਦ ਸਕਣ। ਪ੍ਰਸ਼ਾਸਨ ਨੇ ਕਿਹਾ ਕਿ ਲੋੜ ਪਈ ਤਾਂ ਫਸੇ ਲੋਕਾਂ ਨੂੰ ਸਮੁੰਦਰ ਹਵਾਈ ਮਾਰਗ ਨਾਲ ਬਾਹਰ ਕੱਢਿਆ ਜਾਵੇਗਾ।


 ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।