
ਭਦਰਕ (ਨੇਹਾ): ਓਡੀਸ਼ਾ ਦੇ ਭਦਰਕ ਜ਼ਿਲੇ 'ਚ ਸ਼ਨੀਵਾਰ ਨੂੰ ਇਕ ਡੰਪਰ ਨਾਲ ਐਂਬੂਲੈਂਸ ਦੀ ਟੱਕਰ ਹੋਣ ਕਾਰਨ ਇਕ 26 ਸਾਲਾ ਵਿਅਕਤੀ, ਉਸ ਦੇ ਰਿਸ਼ਤੇਦਾਰ ਅਤੇ ਐਂਬੂਲੈਂਸ ਡਰਾਈਵਰ ਦੀ ਮੌਤ ਹੋ ਗਈ। ਉਹ ਇਸ ਗੱਡੀ ਵਿੱਚ ਆਪਣੇ ਪਿਤਾ ਦੀ ਮ੍ਰਿਤਕ ਦੇਹ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਭਦਰਕ ਸ਼ਹਿਰ ਤੋਂ ਕਰੀਬ 16 ਕਿਲੋਮੀਟਰ ਦੂਰ ਮੈਤਾਪੁਰ ਨੇੜੇ ਨੈਸ਼ਨਲ ਹਾਈਵੇਅ 16 'ਤੇ ਹੋਇਆ।
ਮ੍ਰਿਤਕਾਂ ਦੀ ਪਛਾਣ ਸੰਜੇ ਜੇਨਾ (26), ਸੁਧਾਂਸ਼ੂ ਜੇਨਾ (42) ਅਤੇ ਐਂਬੂਲੈਂਸ ਡਰਾਈਵਰ ਦਲੀਪ ਸਿੰਘ (43) ਵਜੋਂ ਹੋਈ ਹੈ। ਸੰਜੇ ਦੀ ਮਾਂ ਸਾਬਿਤਰੀ ਜੇਨਾ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਭੋਗਰਾਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੰਜੇ ਦੇ ਪਿਤਾ ਦਿਬਾਕਰ ਜੇਨਾ ਦੀ ਸ਼ੁੱਕਰਵਾਰ ਰਾਤ ਨੂੰ ਐਸਸੀਬੀ ਮੈਡੀਕਲ ਕਾਲਜ ਅਤੇ ਹਸਪਤਾਲ, ਕਟਕ ਵਿੱਚ ਕਿਸੇ ਬਿਮਾਰੀ ਦੇ ਇਲਾਜ ਦੌਰਾਨ ਮੌਤ ਹੋ ਗਈ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਉਸ ਦੀ ਲਾਸ਼ ਨੂੰ ਭੋਗਰਾਈ ਥਾਣਾ ਖੇਤਰ ਦੇ ਪਲਾਸੀਆ ਪਿੰਡ ਵਿੱਚ ਉਸ ਦੇ ਜੱਦੀ ਘਰ ਲਿਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।