Coronavirus : ਦਿੱਲੀ ਵਿੱਚ 3 ਸ਼ੱਕੀ ਮਰੀਜ਼ ਹਸਪਤਾਲ ‘ਚ ਭਰਤੀ

by

ਨਵੀਂ ਦਿੱਲੀ (Nri Media) : ਚੀਨ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਰਾਜਧਾਨੀ ਦਿੱਲੀ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਅਜਿਹੀ ਜਾਣਕਾਰੀ ਹੈ ਕਿ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਅਜਿਹੇ ਤਿੰਨ ਸ਼ੱਕੀ ਮਾਮਲੇ ਸਾਹਮਣੇ ਆਏ ਹਨ।ਡਾਕਟਰਾਂ ਦੀ ਟੀਮ ਨੇ ਸੈਂਪਲ ਨੂੰ ਜਾਂਚ ਲਈ ਭੇਜਿਆ ਹੈ। ਤਿੰਨ ਦਿਨ ਬਾਅਦ ਜਦੋਂ ਰਿਪੋਰਟ ਆਵੇਗੀ ਉਦੋਂ ਵਾਇਰਸ ਦੀ ਪੁਸ਼ਟੀ ਹੋਵੇਗੀ। 

ਚੀਨ ਤੋਂ ਭਾਰਤ ਆਏ ਮਰੀਜ਼

ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿੰਨੋ ਮਰੀਜ਼ ਕੁੱਝ ਦਿਨ ਪਹਿਲਾਂ ਹੀ ਭਾਰਤ ਆਏ ਸਨ ਅਤੇ ਤਿੰਨਾ ਵਿੱਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਪਾਈ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।ਡਾਕਟਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ ਉਦੋਂ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕਦੀ ਹੈ ਪਰ ਮੁੱਢਲੇ ਤੌਰ ਉੱਤੇ ਇਹ ਵਾਇਰਸ ਦੇ ਲੱਛਣ ਹਨ।

ਕੀ ਹੈ ਕੋਰੋਨਾ ਵਾਇਰਸ ਦੇ ਲੱਛਣ

ਦੱਸ ਦਈਏ ਕਿ ਕੋਰੋਨਾ ਵਾਇਰਸ ਹੋਰ ਵਾਇਰਸਾਂ ਨਾਲੋਂ ਵੱਖ ਹੈ ਜੋ ਕਿ ਸਭ ਤੋਂ ਪਹਿਲਾਂ ਚੀਨ ਵਿੱਚ ਪਾਇਆ ਗਿਆ ਹੈ। ਉਸ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੁਣ ਇਹ ਵਾਇਰਸ ਫੈਲ ਰਿਹਾ ਹੈ। ਡਾਕਟਰਾਂ ਦੀ ਮੰਨੀਏ ਤਾਂ ਬੁਖਾਰ, ਸਾਹ ਲੈਣ ਵਿੱਚ ਔਖ, ਸਰਦੀ, ਜ਼ੁਖਾਮ, ਖਾਂਸੀ, ਸਿਰ ਦਰਦ ਵਰਗੇ ਇਸ ਦੇ ਕਈ ਲੱਛਣ ਹਨ।ਕੋਰੋਨਾ ਵਾਇਰਸ ਦੇ ਕਈ ਹੋਰ ਸ਼ੱਕੀ ਮਾਮਲੇ ਦਿੱਲੀ ਸਣੇ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿੱਚ ਸਾਹਮਣੇ ਆ ਚੁੱਕੇ ਹਨ।