ਨਿਊ ਯਾਰਕ (ਵਿਕਰਮ ਸਹਿਜਪਾਲ) : ਅਮਰੀਕਾ ਵਿਚ ਇਕ ਪੰਜਾਬੀ ਟੈਕਸੀ ਡਰਾਈਵਰ ਨੂੰ ਆਪਣੀ ਮਹਿਲਾ ਮੁਸਾਫ਼ਰ ਨੂੰ ਅਗਵਾ ਕਰਨ ਅਤੇ ਫਿਰ ਸੁੰਨੀ ਜਗ੍ਹਾ 'ਤੇ ਛੱਡਣ ਦੇ ਦੋਸ਼ ਹੇਠ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 25 ਸਾਲ ਦੇ ਹਰਬੀਰ ਸਿੰਘ ਪਰਮਾਰ ਨੇ ਮਾਰਚ ਵਿਚ ਪੇਸ਼ੀ ਦੌਰਾਨ ਅਮਰੀਕੀ ਜ਼ਿਲ੍ਹਾ ਜੱਜ ਵਿਨਸੈਂਟ ਬ੍ਰਿਸੈਟੀ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਨਿਊ ਯਾਰਕ ਦੇ ਦੱਖਣੀ ਜ਼ਿਲੇ ਵਿਚ ਫ਼ੈਡਰਲ ਅਟਾਰਨੀ ਯਾਰਕ ਜੈਫ਼ਰੀ ਬਰਮਨ ਨੇ ਦੱਸਿਆ ਕਿ ਤਿੰਨ ਸਾਲ ਦੀ ਕੈਦ ਪੂਰੀ ਹੋਣ 'ਤੇ ਹਰਬੀਰ ਸਿੰਘ ਪਰਮਾਰ ਨੂੰ ਅਗਲੇ ਤਿੰਨ ਸਾਲ ਨਿਗਰਾਨੀ ਹੇਠ ਰੱਖਿਆ ਜਾਵੇਗਾ।
ਹਰਬੀਰ ਪਰਮਾਰ ਨੂੰ 3642 ਡਾਲਰ ਜੁਰਮਾਨਾ ਅਦਾ ਕਰਨ ਦੇ ਹੁਕਮ ਵੀ ਦਿਤੇ ਗਏ ਹਨ। ਦੱਸ ਦਈਏ ਕਿ ਹਰਬੀਰ ਨੇ ਨਿਊਯਾਰਕ ਤੋਂ ਮਹਿਲਾ ਯਾਤਰੀ ਨੂੰ ਪਿੱਕ ਕੀਤਾ ਜਿਸ ਨੇ ਨਿਊਯਾਰਕ ਦੇ ਸ਼ਹਿਰ ਵ੍ਹਾਈਟ ਪਲੇਂਸ ਜਾਣਾ ਸੀ ਪਰ ਹਰਬੀਰ ਨੇ ਉਸ ਦੇ ਪਿਛਲੀ ਸੀਟ ‘ਤੇ ਸੌਂ ਜਾਣ ਤੋਂ ਬਾਅਦ ਉਸ ਦੇ ਉਤਰਣ ਦੀ ਥਾਂ ਬਦਲ ਕੇ ਬੋਸਟਨ ਕਰ ਦਿੱਤੀ। ਜਦੋਂ ਔਰਤ ਦੀ ਜਾਗ ਖੁੱਲ੍ਹੀ ਤੇ ਉਸ ਨੇ ਪੁਲਿਸ ਸਟੇਸ਼ਨ ਜਾਣ ਨੂੰ ਕਿਹਾ ਪਰ ਹਰਬੀਰ ਨੇ ਉਸ ਦੀ ਗੱਲ ਨਹੀਂ ਸੁਣੀ। ਮਹਿਲਾ ਨੂੰ ਕਨੇਕਟੀਕਟ ਦੇ ਰਾਹ ਦੇ ਕੰਢੇ ਛੱਡ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਨੇੜਲੇ ਸੁਵਿਧਾ ਕੇਂਦਰ ਜਾ ਕੇ ਮਦਦ ਮੰਗੀ।



