ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (11 August 2020)

by mediateam

ਬਿਹਾਗੜਾ ਮਹਲਾ ੫ ਛੰਤ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥ ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥ ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ॥ ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥ ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥ ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥ ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥ ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥ ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥ ਜਿਨ ਕਉ ਬਿਧਾਤੈ ਧੁਰਹੁ ਲਿਖਿਆ ਤਿਨ@ਾ ਰੈਣਿ ਦਿਨੁ ਲਿਵ ਲਾਈਐ ॥ ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥ ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ ॥੨॥ ਕਰ ਜੋੜਿਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੂਜੇਹਾ ਰਾਮ ॥ ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥ ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ॥ ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ ਸੋ ਪ੍ਰਭ ਅੰਕਿ ਸਮਾਵਏ ॥ ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ ॥ ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ ਹਰਿ ਹਰਿ ਨਾਮੁ ਪੂਜੇਹਾ ॥੩॥ ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ ॥ ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥ ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ ॥ ਮਿਟਿਆ ਅਧੇਰਾ ਦੂਖੁ ਨਾਠਾ ਅਮਿਉ ਹਰਿ ਰਸੁ ਚੋਇਆ ॥ ਜਹਾ ਦੇਖਾ ਤਹਾ ਸੁਆਮੀ ਪਾਰਬ੍ਰਹਮੁ ਸਭ ਠਾਏ॥ ਜਨੁ ਕਹੈ ਨਾਨਕੁ ਸਤਿਗੁਰਿ ਮਿਲਾਇਆ ਹਰਿ ਪਾਇਅੜਾ ਘਰਿ ਆਏ ॥੪॥੧॥

ਮੰਗਲਵਾਰ, ੨੭ ਸਾਵਣ (ਸੰਮਤ ੫੫੨ ਨਾਨਕਸ਼ਾਹੀ) ਅੰਗ: ੫੪੧

ਪੰਜਾਬੀ ਵਿਆਖਿਆ - 

ਬਿਹਾਗੜਾ ਮਹਲਾ ੫ ਛੰਤ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਹੇ ਮੇਰੇ ਪਿਆਰੇ! ਮੈਂ ਪਰਮਾਤਮਾ ਦਾ ਇਕ ਅਚਰਜ ਤਮਾਸ਼ਾ ਵੇਖਿਆ ਹੈ ਕਿ ਉਹ ਜੋ ਕੁਝ ਕਰਦਾ ਹੈ ਧਰਮ ਅਨੁਸਾਰ ਕਰਦਾ ਹੈ, ਨਿਆਂ ਅਨੁਸਾਰ ਕਰਦਾ ਹੈ। ਹੇ ਮੇਰੇ ਪਿਆਰੇ! ਇਹ ਜਗਤ ਉਸ ਪਰਮਾਤਮਾ ਨੇ ਇਕ ਪਿੜ ਬਣਾ ਦਿੱਤਾ ਹੈ ਇਕ ਰੰਗ-ਭੂਮੀ ਰਚ ਦਿੱਤੀ ਹੈ ਜਿਸ ਵਿਚ ਸਾਰੇ ਨਟਾਂ ਲਈ, ਪਹਿਲਵਾਨਾਂ ਲਈ ਜੰਮਣਾ ਮਰਨਾ ਭੀ ਨਿਯਤ ਕਰ ਦਿੱਤਾ ਹੈ। ਜਗਤ ਵਿਚ ਜੀਵਾਂ ਦਾ ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ। ਕਈ ਜੀਵਾਂ ਨੂੰ ਗੁਰੂ ਮਿਲਾ ਕੇ ਪ੍ਰਭੂ ਆਪਣੀ ਹਜ਼ੂਰੀ ਵਿਚ ਟਿਕਾ ਲੈਂਦਾ ਹੈ, ਤੇ ਕਈ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਫਿਰਦੇ ਹਨ। ਹੇ ਪ੍ਰਭੂ! ਆਪਣੇ ਗੁਣਾਂ ਦਾ ਅੰਤ ਤੂੰ ਆਪ ਹੀ ਜਾਣਦਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ। ਹੇ ਸੰਤ ਜਨੋ! ਸੁਣੋ, ਨਾਨਕ ਇਕ ਅਟੱਲ ਨਿਯਮ ਦੱਸਦਾ ਹੈ ਕਿ ਪਰਮਾਤਮਾ ਧਰਮ ਅਨੁਸਾਰ ਨਿਆਂ ਅਨੁਸਾਰ ਦੁਨੀਆ ਦੀ ਕਾਰ ਚਲਾ ਰਿਹਾ ਹੈ।੧। ਹੇ ਮੇਰੇ ਪਿਆਰੇ! (ਆਖ-) ਹੇ ਸੰਤ-ਜਨ ਸਹੇਲੀਓ! ਆਓ, ਰਲ ਕੇ ਸਤ-ਸੰਗ ਵਿਚ ਬੈਠੋ, ਜੇਹੜਾ ਮਨੁੱਖ ਸਤਸੰਗੀਆਂ ਵਿਚ ਮਿਲ ਕੇ ਬੈਠਦਾ ਹੈ ਉਹ ਪਰਮਾਤਮਾ ਦਾ ਨਾਮ ਸਦਾ ਸਿਮਰਦਾ ਹੈ। ਹੇ ਮੇਰੇ ਪਿਆਰੇ! ਗੁਰੂ ਨੂੰ ਅਭੁੱਲ ਮੰਨ ਕੇ ਗੁਰੂ ਦੀ ਸ਼ਰਨ ਪਵੋ ਜੇਹੜਾ ਇਸ ਤਰ੍ਹਾਂ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਜਮ ਦੇ ਰਸਤੇ ਨੂੰ ਆਤਮਕ ਮੌਤ ਲਿਆਉਣ ਵਾਲੇ ਜੀਵਨ-ਰਾਹ ਨੂੰ ਚੰਗਾ ਬਣਾ ਲੈਂਦਾ ਹੈ। ਗੁਰੂ ਦੀ ਸ਼ਰਨ ਪੈ ਕੇ ਔਖੇ ਜੀਵਨ-ਰਾਹ ਨੂੰ ਸੋਹਣਾ ਬਣਾ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਸਕੀਦੀ ਹੈ। ਪਰ ਜ੍ਹਿਨਾਂ ਮਨੁੱਖਾਂ ਦੇ ਮੱਥੇ ਤੇ ਆਪਣੀ ਹਜ਼ੂਰੀ ਤੋਂ ਕਰਤਾਰ ਨੇ ਭਗਤੀ ਦਾ ਲੇਖ ਲਿਖ ਦਿੱਤਾ ਹੈ, ਉਹਨਾਂ ਮਨੁੱਖਾਂ ਦੀ ਸੁਰਤਿ ਦਿਨ ਰਾਤ ਪ੍ਰਭੂ ਚਰਨਾਂ ਵਿਚ ਲਗੀ ਰਹਿੰਦੀ ਹੈ। ਜਦੋਂ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲਦਾ ਹੈ ਤਦੋਂ ਉਸ ਦੇ ਅੰਦਰੋਂ ਹਉਮੈ ਮਮਤਾ ਮੋਹ ਆਦਿਕ ਦੇ ਪ੍ਰਭਾਵ ਤੋਂ ਸੁਤੰਤਰ ਹੋ ਜਾਂਦਾ ਹੈ।੨। ਹੇ ਮੇਰੇ ਪਿਆਰੇ! (ਆਖ-) ਹੇ ਸੰਤ-ਜਨੋ! ਸਾਧ ਸੰਗਤਿ ਵਿਚ ਇੱਕਠੇ ਹੋ ਕੇ ਪਰਮਾਤਮਾ ਅਗੇ ਦੋਵੇਂ ਹਥ ਜੋੜਿਆ ਕਰੋ, ਤੇ, ਉਸ ਨਾਸ-ਰਹਿਤ ਸਰਬ ਵਿਆਪਕ ਪਰਮਾਤਮਾ ਦੀ ਭਗਤੀ ਕਰਿਆ ਕਰੋ। ਹੇ ਮੇਰੇ ਪਿਆਰੇ! ਮੈਂ ਹੋਰ ਕਈ ਕਿਸਮਾਂ ਦੀ ਪੂਜਾ-ਭੇਟਾ ਭਾਲ ਵੇਖੀ ਹੈ ਪਰ ਸਭ ਤੋਂ ਸ੍ਰੇਸ਼ਟ ਪੂਜਾ ਇਹ ਹੈ ਕਿ ਆਪਣਾ ਇਹ ਮਨ ਇਹ ਸਰੀਰ ਸਭ ਭੇਟਾ ਕਰ ਦੇਣਾ ਚਾਹੀਦਾ ਹੈ। ਫਿਰ ਭੀ, ਮਾਣ ਕਾਹਦਾ ? ਇਹ ਮਨ, ਇਹ ਧਨ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ, ਸੋ, ਕੋਈ ਮਨੁੱਖ ਆਪਣੀ ਮਲਕੀਅਤ ਦੀ ਕੇਹੜੀ ਚੀਜ਼ ਭੇਟਾ ਕਰ ਸਕਦਾ ਹੈ ? ਜਿਸ ਮਨੁੱਖ ਉੱਤੇ ਪ੍ਰਭੂ-ਮਾਲਕ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ ਉਹ ਉਸ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ ਬੱਸ! ਇਹੀ ਹੈ ਭੇਟਾ ਤੇ ਪੂਜਾ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ, ਉਸ ਦਾ ਆਪਣੇ ਗੁਰੂ ਨਾਲ ਪਿਆਰ ਬਣ ਜਾਂਦਾ ਹੈ। ਦਾਸ ਨਾਨਕ ਆਖਦਾ ਹੈ- ਹੇ ਸੰਤ ਜਨੋ! ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।੩। ਹੇ ਮੇਰੇ ਪਿਆਰੇ! ਪਰਮਾਤਮਾ ਨੂੰ ਲੱਭਣ ਵਾਸਤੇ ਅਸੀਂ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿਚ ਹੀ ਆ ਕੇ ਲੱਭ ਲਿਆ ਹੈ। ਹੇ ਮੇਰੇ ਪਿਆਰੇ! ਇਸ ਮਨੁੱਖਾ ਸਰੀਰ ਨੂੰ ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ ਸਰੀਰ-ਘਰ ਵਿਚ ਟਿਕਿਆ ਰਹਿੰਦਾ ਹੈ। ਮਾਲਕ-ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ, ਪਰ ਉਸ ਦੀ ਇਸ ਹੋਂਦ ਦਾ ਪ੍ਰਕਾਸ਼ ਗੁਰੂ ਦੀ ਸ਼ਰਨ ਪਿਆਂ ਹੀ ਹੁੰਦਾ ਹੈ। ਗੁਰੂ ਜਿਸ ਮਨੁੱਖ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਾਮ-ਰਸ ਚੋ ਦੇਂਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਮਿਟ ਜਾਂਦਾ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਨਾਲ ਹੁਣ ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੈਨੂੰ ਮਾਲਕ ਪਰਮਾਤਮਾ ਸਭ ਥਾਈਂ ਵੱਸਦਾ ਦਿੱਸਦਾ ਹੈ। ਦਾਸ ਨਾਨਕ ਆਖਦਾ ਹੈ- ਗੁਰੂ ਨੇ ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ-ਘਰ ਵਿਚ ਆ ਕੇ ਲੱਭ ਲਿਆ ਹੈ।੪।੧।