ਰਾਮਕਲੀ ਮਹਲਾ ੫ ॥ ਤਨ ਤੇ ਛੁਟਕੀ ਅਪਨੀ ਧਾਰੀ ॥ ਪ੍ਰਭ ਕੀ ਆਗਿਆ ਲਗੀ ਪਿਆਰੀ ॥ ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥ ਤਾ ਇਹੁ ਅਚਰਜੁ ਨੈਨਹੁ ਡੀਠਾ ॥੧॥ ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥ ਬੁਝਿ ਗਈ ਤ੍ਰਿਸਨ ਨਿਵਾਰੀ ਮਮਤਾ ਗੁਰਿ ਪੂਰੈ ਲੀਓ ਸਮਝਾਇ ॥੧॥ ਰਹਾਉ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੁੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ। ਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ। ਜੋ ਕੁਝ ਪਰਮਾਤਮਾ ਕਰਦਾ ਹੈ, ਉਹ (ਹੁਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ। ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ ॥੧॥ ਹੇ ਭਾਈ! ਹੁਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ। ਪੂਰੇ ਗੁਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ। (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬੁੱਝ ਗਈ ਹੈ, ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ॥



