ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ (16-07-2019)

by mediateam

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ  

ਅੱਜ ਦੀਆਂ ਟੌਪ 5 ਖ਼ਬਰਾਂ (16-07-2019) 

1.. ਮੁੰਬਈ 'ਚ 4 ਮੰਜ਼ਿਲਾ ਇਮਾਰਤ ਡਿੱਗੀ, 2 ਦੀ ਮੌਤ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਮੁੰਬਈ ਦੇ ਡੋਂਗਰੀ ਇਲਾਕੇ 'ਚ ਮੰਗਲਵਾਰ ਨੂੰ ਇਕ 4 ਮੰਜ਼ਲਾ ਇਮਾਰਤ ਡਿੱਗ ਗਈ। ਇਮਾਰਤ ਦੇ ਮਲਬੇ ਹੇਠ 40 ਤੋਂ 50 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ ਦੇ ਫਾਇਰ ਬ੍ਰਿਗੇਡ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਪਹੁੰਚ ਗਈਆਂ ਹਨ। ਰਾਹਤ ਅਤੇ ਬਚਾਅ ਕੰਮ ਚਲਾਇਆ ਜਾ ਰਿਹਾ ਹੈ। ਇਮਾਰਤ ਦੇ ਮਲਬੇ ਹੇਠਾਂ ਦੱਬ ਕੇ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕਾਂ ਨੂੰ ਬਚਾਇਆ ਗਿਆ ਹੈ। ਐੱਨ. ਡੀ. ਆਰ. ਐੱਫ. ਮੁਤਾਬਕ ਤੰਗ ਗਲੀ ਹੋਣ ਕਾਰਨ ਬਚਾਅ ਕੰਮ 'ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਓਧਰ ਬੀ. ਐੱਮ. ਸੀ. ਮੁਤਾਬਕ ਅੱਜ ਦੁਪਹਿਰ 11 ਵਜ ਕੇ 48 ਮਿੰਟ 'ਤੇ ਡੋਂਗਰੀ ਇਲਾਕੇ ਵਿਚ ਸਥਿਤ ਕੇਸਰਬਾਈ ਨਾਂ ਦੀ ਇਮਾਰਤ ਡਿੱਗ ਗਈ।

2. ਟੋਰਾਂਟੋ 'ਚ ਪ੍ਰਵਾਸੀਆਂ ਦੀ ਚੈਕਿੰਗ ਨੂੰ ਲੈਕੇ ਸੀ.ਬੀ.ਐਸ.ਏ. ਦੀ ਵੱਖ-ਵੱਖ ਬਿਆਨਬਾਜ਼ੀ

ਇੰਮੀਗ੍ਰੇਸ਼ਨ ਅਫਸਰਾਂ ਵਲੋਂ ਟੋਰਾਂਟੋ 'ਚ ਅਚਾਨਕ ਪ੍ਰਵਾਸੀਆਂ ਨੂੰ ਘੇਰ-ਘੇਰ ਕੇ ਸ਼ਨਾਖਤੀ ਕਾਰਡ ਚੈੱਕ ਕਰਨ ਦੀ ਮੁਹਿੰਮ ਕਾਰਨ ਹੈਰਾਨੀ ਵਾਲਾ ਮਾਹੌਲ ਬਣ ਗਿਆ ਹੈ। ਪ੍ਰਵਾਸੀਆਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੇ ਤਾਜ਼ਾ ਘਟਨਾਕ੍ਰਮ 'ਤੇ ਚਿੰਤਾ ਪ੍ਰਗਟਾਈ ਹੈ। ਸਿਟੀ ਨਿਊਜ਼ ਨੇ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਦੇ ਹਵਾਲੇ ਤੋਂ ਪੁਸ਼ਟੀ ਕੀਤੀ ਕਿ ਪਿਛਲੇ ਦਿਨੀਂ ਵੈਸਟ ਰੋਡ ਅਤੇ ਲਾਰੈਂਸ ਐਵੇਨਿਊ ਇਲਾਕੇ ਵਿਚ ਇੰਮੀਗ੍ਰੇਸ਼ਨ ਅਫਸਰ ਮੌਜੂਦ ਸਨ। ਫਿਰ ਵੀ ਕੈਨੇਡਾ ਬਾਰਡਰ ਸਰਵੀਸਿਜ਼ ਨੇ ਇਹ ਨਹੀਂ ਦੱਸਿਆ ਕਿ ਇੰਮੀਗ੍ਰੇਸ਼ਨ ਅਫਸਰ ਇਲਾਕੇ ਵਿਚ ਕੀ ਕਰ ਰਹੇ ਸਨ ਜਾਂ ਕੀ ਉਨ੍ਹਾਂ ਨੇ ਆਮ ਲੋਕਾਂ ਦੀ ਚੈਕਿੰਗ ਕੀਤੀ। 

3. ਕਾਂਗਰਸ ਦੀਆਂ ਮਹਿਲਾ ਸੰਸਦ ਮੈਂਬਰਾਂ ਖਿਲਾਫ ਅਮਰੀਕੀ ਰਾਸ਼ਟਰਪਤੀ ਦੀ ਟਿੱਪਣੀ ਦੁਖਦਾਈ : ਜਗਮੀਤ ਸਿੰਘ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਟਿੱਪਣੀਆਂ ਤੇ ਬੜਬੋਲੇ ਸੁਭਾਅ ਕਾਰਨ ਅਕਸਰ ਚਰਚਾ 'ਚ ਰਹਿੰਦੇ ਹਨ। ਅਜਿਹੀਆਂ ਟਿੱਪਣੀਆਂ ਤੋਂ ਬਾਅਦ ਉਨ੍ਹਾਂ ਨੂੰ ਅਕਸਰ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਦੌਰਾਨ ਡੋਨਾਲਡ ਟਰੰਪ ਵਲੋਂ ਐਤਵਾਰ ਨੂੰ ਕਾਂਗਰਸਵੂਮਨਸ ਖਿਲਾਫ ਕੀਤੀ ਗਈ ਟਿੱਪਣੀ ਤੋਂ ਬਾਅਦ ਉਨ੍ਹਾਂ ਦੀ ਖਿਲਾਫਤ ਸ਼ੁਰੂ ਹੋ ਗਈ ਹੈ। ਕੈਨੇਡਾ ਦੀ ਐੱਨ.ਡੀ.ਪੀ. ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਕਾਂਗਰਸਵੂਮਨਸ ਦਾ ਸਾਥ ਦਿੰਦਿਆਂ ਇਸ ਨੂੰ ਦੁਖਦਾਈ ਦੱਸਿਆ ਹੈ। ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਇਸ ਦੌਰਾਨ ਟਵੀਟ ਕਰਕੇ ਕਿਹਾ ਕਿ ਇਹ ਰਾਸ਼ਟਰਪਤੀ ਵਲੋਂ ਨਸਲਵਾਦ ਦੀ ਦੁਖਦਾਈ ਤੇ ਭੱਦੀ ਤਸਵੀਰ ਪੇਸ਼ ਕੀਤੀ ਗਈ ਹੈ, ਜੋ ਕਿ ਸੰਯੁਕਤ ਲੋਕਾਂ ਦੇ ਮੁੱਲਾਂ ਤੇ ਅਬਿਲਟੀ ਨੂੰ ਨਹੀਂ ਦਰਸਾਉਂਦੀ। ਮੈਂ ਇਸ ਮੌਕੇ ਕਾਂਗਰਸਵੂਮਨਸ ਨਾਲ ਹਾਂ। 

4. ਸਾਲ ਦਾ ਦੂਜਾ ਚੰਦਰ ਗ੍ਰਹਿਣ ਅੱਜ..!

ਅੱਜ ਮੰਗਲਵਾਰ ਦੀ ਰਾਤ 1:32 ਮਿੰਟ ਤੋਂ ਇਹ ਚੰਦਰ ਗ੍ਰਹਿਣ ਸ਼ੁਰੂ ਹੋ ਜਾਵੇਗਾ ਤੇ ਬੁੱਧਵਾਰ ਸਵੇਰੇ 4:30 ਮਿੰਟ ਤੱਕ ਚੱਲੇਗਾ। ਸੂਤਕ ਦਾ ਸਮਾਂ ਇਸ ਗ੍ਰਹਿਣ ਤੋਂ ਤਕਰੀਬਨ ਨੌ ਘੰਟੇ ਪਹਿਲਾਂ ਹੀ ਸ਼ੁਰੂ ਹੋ ਜਾਵੇਗਾ। ਦੱਸ ਦਈਏ ਕਿ ਸਾਲ 2019 ਦਾ ਪਹਿਲਾ ਚੰਦਰ ਗ੍ਰਹਿਣ 21 ਜਨਵਰੀ ਨੂੰ ਲੱਗਿਆ ਸੀ। ਇਹ ਇੱਕ ਪੂਰਨ ਚੰਦਰ ਗ੍ਰਹਿਣ ਸੀ। ਇਸਨੂੰ ਸੁਪਰ ਬਲੱਡ ਮੂਨ ਦਾ ਨਾਮ ਦਿੱਤਾ ਗਿਆ ਸੀ, ਕਿਉਂਕਿ ਇਸ ਦਿਨ ਗ੍ਰਹਿਣ ਦੇ ਦੌਰਾਨ ਚੰਦਰਮਾ ਦਾ ਰੰਗ ਲਾਲ ਹੋ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਚੰਦਰਮਾ ਧਰਤੀ ਦੇ ਕਾਫ਼ੀ ਨਜ਼ਦੀਕ ਹੁੰਦਾ ਹੈ। ਇਸ ਤੋਂ ਬਾਅਦ ਪੂਰਨ ਚੰਦਰ ਗ੍ਰਹਿਣ 29 ਮਈ 2021 ਵਿੱਚ ਲੱਗੇਗਾ।

5. ਰਾਹੁਲ ਗਾਂਧੀ ਨੇ ਕਾਂਗਰਸ ਵਰਕਰਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀ ਅਪੀਲ

ਭਾਰੀ ਬਰਸਾਤ ਕਾਰਨ ਅਸਮ, ਬਿਹਾਰ, ਉੱਤਰ ਪ੍ਰਦੇਸ਼, ਤ੍ਰਿਪੁਰਾ ਅਤੇ ਮਿਜ਼ੋਰਮ 'ਚ ਹੜ੍ਹ ਨਾਲ ਹਾਲਾਤ ਬੇਕਾਬੂ ਹੋ ਗਏ ਹਨ। ਇਸ ਨਾਲ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਹੁਣ ਰਾਹੁਲ ਗਾਂਧੀ ਨੇ ਹੜ੍ਹ ਪ੍ਰਭਾਵਿਤ ਇਨ੍ਹਾਂ ਸੂਬਿਆਂ 'ਚ ਕਾਂਗਰਸ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਲੋਕਾਂ ਲਈ ਰਾਹਤ ਅਤੇ ਬਚਾਅ ਕਾਰਜ ਵਿੱਚ ਮਦਦ ਕਰਨ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਖ਼ੇਤਰ ਦੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

More News

NRI Post
..
NRI Post
..
NRI Post
..