ਬੱਚਿਆਂ ‘ਚ ਫੈਲ ਰਿਹੈ “Tomato flu”, ਜਾਣੋ ਕਿੰਨਾ ਕੁ ਪ੍ਰਭਾਵਿਤ ਕਰ ਸਕਦੈ ਇਸ ਦਾ ਅਸਰ

by jaskamal

ਨਿਊਜ਼ ਡੈਸਕ :  ਕੋਰੋਨਾ ਦਾ ਕਹਿਰ ਅਜੇ ਖਤਮ ਨਹੀਂ ਹੋਇਆ ਹੈ ਅਤੇ ਦੇਸ਼ ਵਿੱਚ ਇੱਕ ਨਵੀਂ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਹੁਣ ਸਾਹਮਣੇ ਆਈ ਨਵੀਂ ਬਿਮਾਰੀ ਦਾ ਨਾਂ ਟਮਾਟਰ ਫਲੂ (Tomato Flu) ਹੈ। ਕਿਉਂਕਿ ਇਸ ਬਿਮਾਰੀ ਨਾਲ ਸੰਕਰਮਿਤ ਹੋਣ 'ਤੇ ਸਰੀਰ 'ਤੇ ਲਾਲ ਛਾਲੇ ਦਿਖਾਈ ਦਿੰਦੇ ਹਨ, ਇਸ ਲਈ ਇਸਨੂੰ ਟਮਾਟਰ ਫਲੂ (Tomato Flu)ਦਾ ਨਾਮ ਦਿੱਤਾ ਗਿਆ। ਹੁਣ ਤੱਕ 80 ਤੋਂ ਵੱਧ ਬੱਚੇ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਛੋਟੇ ਬੱਚੇ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਟਮਾਟਰ ਫਲੂ ਨੂੰ ਲੈ ਕੇ ਡਾਕਟਰਾਂ ਵਿਚ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ।

ਇਹ ਵਾਇਰਲ ਬੁਖਾਰ, ਚਿਕਨਗੁਨੀਆ ਜਾਂ ਡੇਂਗੂ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਇਹ ਬਿਮਾਰੀ ਸਿਰਫ ਕੇਰਲ ਦੇ ਕੁਝ ਖੇਤਰਾਂ ਵਿੱਚ ਪਾਈ ਗਈ ਹੈ ਪਰ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸਦੀ ਰੋਕਥਾਮ ਲਈ ਉਪਾਅ ਨਾ ਕੀਤੇ ਗਏ ਤਾਂ ਇਹ ਲਾਗ ਫੈਲ ਸਕਦੀ ਹੈ। ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਟਮਾਟਰ ਫਲੂ ਦੀ ਲਾਗ ਫੈਲ ਰਹੀ ਹੈ। ਹੁਣ ਤੱਕ 80 ਬੱਚਿਆਂ ਵਿੱਚ ਇਸ ਦਾ ਇਨਫੈਕਸ਼ਨ ਪਾਇਆ ਗਿਆ ਹੈ। ਜਿਹੜੇ ਬੱਚੇ ਇਸ ਨਾਲ ਸੰਕਰਮਿਤ ਹੋਏ ਹਨ, ਉਹ ਸਾਰੇ 5 ਸਾਲ ਤੋਂ ਘੱਟ ਉਮਰ ਦੇ ਹਨ। ਕੇਰਲ 'ਚ ਟਮਾਟਰ ਫਲੂ ਦੇ ਵਧਦੇ ਮਾਮਲਿਆਂ ਤੋਂ ਬਾਅਦ ਤਾਮਿਲਨਾਡੂ ਅਤੇ ਕਰਨਾਟਕ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।